ਚੰਡੀਗੜ੍ਹ-ਯੂਟੀ ਚੰਡੀਗੜ੍ਹ ਦਾ ਬਿਜਲੀ ਵਿਭਾਗ ਸ਼ਹਿਰ ਦੀ ਆਮ ਜਨਤਾ ਅਤੇ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ਾਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪ੍ਰਾਈਵੇਟ ਕੰਪਨੀ ਦੇ ਹਵਾਲੇ ਕਰ ਦਿੱਤਾ ਗਿਆ। ਅੱਜ 31 ਜਨਵਰੀ ਦੀ ਰਾਤ 12 ਵਜੇ ਤੋਂ ਬਾਅਦ ਵਿਰਾਸਤੀ ਬਿਜਲੀ ਵਿਭਾਗ ਪ੍ਰਸ਼ਾਸਨ ਦਾ ਨਾ ਹੋ ਕੇ ਪ੍ਰਾਈਵੇਟ ਕੰਪਨੀ ਦਾ ਹੋ ਗਿਆ ਹੈ।
ਅੱਜ ਚੰਡੀਗੜ੍ਹ ਪ੍ਰਸ਼ਾਸਨ ਅਤੇ ਐਮੀਨੈਂਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਲਿਮਿਟਡ (ਈਈਡੀਐੱਲ) ਅਤੇ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟਡ ਵਿਚਕਾਰ ਇੱਕ ਸ਼ੇਅਰ ਖਰੀਦ ਸਮਝੌਤੇ ’ਤੇ ਚੀਫ ਸੈਕਟਰੀ ਰਾਜੀਵ ਵਰਮਾ ਆਈਏਐੱਸ ਦੀ ਹਾਜ਼ਰੀ ਵਿੱਚ ਦਸਤਖਤ ਕੀਤੇ ਗਏ।
ਬਿਜਲੀ ਮੁਲਾਜ਼ਮਾਂ ਅਤੇ ਆਮ ਲੋਕਾਂ ਦਾ ਲਗਾਤਾਰ ਸੰਘਰਸ਼ ਵੀ ਪ੍ਰਸ਼ਾਸਨ ਸਾਹਮਣੇ ਉਸ ਸਮੇਂ ਫਿੱਕਾ ਪੈ ਗਿਆ ਜਦੋਂ 29 ਜਨਵਰੀ ਨੂੰ ਪ੍ਰਸ਼ਾਸਨ ਵੱਲੋਂ ਅਚਾਨਕ ਇੱਕ ਫੁਰਮਾਨ ਜਾਰੀ ਹੋਇਆ ਕਿ ਜਿਹੜਾ ਮੁਲਾਜ਼ਮ ਤੁਰੰਤ ਇੱਕ ਦਿਨ ਵਿੱਚ ਹੀ ਸਵੈ-ਇੱਛਤ ਸੇਵਾਮੁਕਤੀ (ਵੀਆਰਐੱਸ) ਲੈਂਦਾ ਹੈ ਤਾਂ ਉਸ ਨੂੰ ਤਿੰਨ ਮਹੀਨੇ ਦੀ ਤਨਖਾਹ ਸਰਕਾਰ ਕੋਲ ਜਮ੍ਹਾਂ ਨਹੀਂ ਕਰਵਾਉਣੀ ਪਵੇਗੀ।
ਵਿਭਾਗ ਅਤੇ ਆਪਣਾ ਭਵਿੱਖ ਪ੍ਰਾਈਵੇਟ ਹੱਥਾਂ ਵਿੱਚ ਜਾਂਦਾ ਵੇਖ 30 ਜਨਵਰੀ ਨੂੰ ਹੀ 200 ਦੇ ਕਰੀਬ ਮੁਲਾਜ਼ਮਾਂ ਨੇ ਵੀਆਰਐੱਸ ਦੇ ਫਾਰਮ ਭਰ ਦਿੱਤੇ ਜਿਸ ਕਰਕੇ ਮੁਲਾਜ਼ਮ ਸ਼ਕਤੀ ਕਮਜ਼ੋਰ ਹੋ ਗਈ।
ਪੁਲੀਸ ਨੇ ਬਿਜਲੀ ਕਾਮਿਆਂ ਦੇ ਰੋਸ ਪ੍ਰਦਰਸ਼ਨ ਨੂੰ ਕੀਤਾ ਅਸਫ਼ਲ-ਅੱਜ 31 ਜਨਵਰੀ ਨੂੰ ਪੂਰਾ ਦਿਨ ਬਾਕੀ ਰਹਿੰਦੇ ਬਿਜਲੀ ਮੁਲਾਜ਼ਮਾਂ ਨਾਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਹਰ ਨਫ਼ੇ-ਨੁਕਸਾਨ ਸਮਝਾਏ ਗਏ ਜਿਸ ਦੇ ਚਲਦਿਆਂ ਮੁਲਾਜ਼ਮ ਵੀ ਲਗਭਗ ਸਮਝੌਤਾਵਾਦੀ ਹੋ ਚੁੱਕੇ ਹਨ ਅਤੇ ਕੰਪਨੀ ਵਿੱਚ ਆਪਣੀਆਂ ਸ਼ਰਤਾਂ ’ਤੇ ਕੰਮ ਕਰਨ ਲਈ ਤਿਆਰ ਹੋ ਚੁੱਕੇ ਹਨ। ਇਸੇ ਦੇ ਮੱਦੇਨਜ਼ਰ ਅੱਜ ਮੁਲਾਜ਼ਮਾਂ ਵੱਲੋਂ ਕੋਈ ਕਿਸੇ ਕਿਸਮ ਦਾ ਰੋਸ ਮੁਜ਼ਾਹਰਾ ਨਹੀਂ ਕੀਤਾ ਗਿਆ। ਵਿਭਾਗ ਦੇ ਨਿੱਜੀਕਰਨ ਖਿਲਾਫ਼ ਬਿਜਲੀ ਮੁਲਾਜ਼ਮਾਂ ਅਤੇ ਕਈ ਸਥਾਨਕ ਜਥੇਬੰਦੀਆਂ ਵੱਲੋਂ ਅੱਜ 31 ਜਨਵਰੀ ਦੀ ਸ਼ਾਮ ਨੂੰ ਕਿਸਾਨ ਭਵਨ ਤੋਂ ਲੈ ਕੇ ਸੈਕਟਰ 17-ਪਲਾਜ਼ਾ ਤੱਕ ਕੀਤਾ ਜਾਣ ਵਾਲਾ ਰੋਸ ਪ੍ਰਦਰਸ਼ਨ ਵੀ ਪੁਲੀਸ ਨੇ ਅਫ਼ਸਲ ਕਰ ਦਿੱਤਾ।
ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਪ੍ਰਧਾਨ ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ ਨੇ ਦੱਸਿਆ ਕਿ ਸ਼ਾਮ ਸਮੇਂ ਜਿਉਂ ਹੀ ਜਥੇਬੰਦੀਆਂ ਦੇ ਆਗੂ ਕਿਸਾਨ ਭਵਨ ਵਿਖੇ ਇਕੱਠੇ ਹੋਏ ਤਾਂ ਪਹਿਲਾਂ ਤੋਂ ਹੀ ਤਿਆਰ ਬੈਠੀ ਪੁਲੀਸ ਨੇ ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਸਮੇਤ ਮਨਦੀਪ ਸਿੰਘ, ਹਰਵਿੰਦਰ ਸਿੰਘ, ਓਮ ਪ੍ਰਕਾਸ਼ ਨੂੰ ਪੁਲੀਸ ਹਿਰਾਸਤ ਵਿੱਚ ਲੈ ਪੁਲੀਸ ਥਾਣੇ ਪਹੁੰਚਾ ਦਿੱਤਾ ਜਿੱਥੇ ਕਿ ਦੇਰ ਰਾਤ ਤੱਕ ਉਨ੍ਹਾਂ ਨੂੰ ਬਿਠਾ ਕੇ ਰੱਖਿਆ ਗਿਆ।