ਅਬੂਧਾਬੀ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਿਛਲੇ ਦਹਾਕੇ ’ਚ ਮਜ਼ਬੂਤ ਵਪਾਰ, ਸੰਪਰਕ ਤੇ ਭਾਰਤ ਅਤੇ ਮੱਧ ਪੂਰਬ ਦੇ ਲੋਕਾਂ ਵਿਚਾਲੇ ਆਪਸੀ ਸਹਿਯੋਗ ਤੋਂ ਪ੍ਰੇਰਿਤ ਭਾਰਤ-ਮੱਧ ਪੂੁਰਬ ਸਬੰਧਾਂ ਦੇ ਅਹਿਮ ਵਿਸਤਾਰ ਨੂੰ ਉਭਾਰਦਿਆਂ ਅੱਜ ਆਖਿਆ ਕਿ ਭਾਰਤ ਇਸ ਖੇਤਰ ਨੂੰ ਦੁਨੀਆ ਲਈ ਅਹਿਮ ਮਾਰਗ ਵਜੋਂ ਦੇਖਦਾ ਹੈ। ਉਧਰ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਸਵੇਰੇ ਇੱਥੇ ਯੂਏਈ ਦੇ ਰਾਸ਼ਟਰਪਤੀ ਦੇ ਰਣਨੀਤਕ ਸਲਾਹਕਾਰ ਅਨਵਰ ਗਰਗਾਸ਼ ਨੂੰ ਵੀ ਮਿਲੇ।
ਜੈਸ਼ੰਕਰ ਤੇ ਅਬੂਧਾਬੀ ਦੇ ਕਰਾਊਨ ਪ੍ਰਿੰਸ ਵੱਲੋਂ ਦੁਵੱਲੇ ਸਬੰਧਾਂ ਦੀ ਮਜ਼ਬੂਤੀ ’ਤੇ ਚਰਚਾ:ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਅਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੂੰ ਮਿਲੇ ਅਤੇ ਦੁਵੱਲੇ ਸਬੰਧ ਵਧਾਉਣ ’ਤੇ ਚਰਚਾ ਕੀਤੀ। ਜੈਸ਼ੰਕਰ ਤਿੰਨ ਰੋਜ਼ਾ ਦੌਰੇ ’ਤੇ ਯੂਏਈ ’ਚ ਹਨ। ਐਕਸ ’ਤੇ ਪੋਸਟ ’ਚ ਜੈਸ਼ੰਕਰ ਨੇ ਕਿਹਾ, ‘‘ਅਬੂਧਾਬੀ ਦੇ ਕਰਾਊਨ ਪ੍ਰਿੰਸ ਐੱਚ.ਐੱਚ. ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੂੰ ਮਿਲ ਕੇ ਖੁਸ਼ੀ ਹੋਈ। ਮੁਲਾਕਾਤ ਦੌਰਾਨ ਉਨ੍ਹਾਂ ਦੀ ਭਾਰਤ ਫੇਰੀ ਨੂੰ ਯਾਦ ਕੀਤਾ ਤੇ ਭਾਈਵਾਲੀ ਅੱਗੇ ਵਧਾਉਣ ’ਤੇ ਚਰਚਾ ਕੀਤੀ।’’ ਸਰਕਾਰੀ ਨਿਊਜ਼ ਏਜੰਸੀ ਡਬਲਿਊਏਐੈੱਮ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇੇ ਯੂਏਈ ਤੇ ਭਾਰਤ ਵਿਚਾਲੇ ਮਿੱਤਰਤਾ ਤੇ ਸਹਿਯੋਗ ਤੋਂ ਇਲਾਵਾ ਦੋਵਾਂ ਮੁਲਕਾਂ ਤੇ ਉਨ੍ਹਾਂ ਦੇ ਲੋਕਾਂ ਦੇ ਸਾਂਝੇ ਹਿੱਤਾਂ ਦੀ ਸੇਵਾ ਲਈ ਤਰੀਕੇ ਲੱਭਣ ਤੇ ਉਨ੍ਹਾਂ ਨੂੰ ਅੱਗੇ ਵਧਾਉਣ ’ਤੇ ਚਰਚਾ ਕੀਤੀ।