August 12, 2026
ਅੰਤਰਰਾਸ਼ਟਰੀਖਾਸ ਖ਼ਬਰ

ਇਜ਼ਰਾਈਲ-ਹਮਾਸ ਵਿਚਕਾਰ ਜੰਗਬੰਦੀ ਅੱਜ ਤੋਂ

ਇਜ਼ਰਾਈਲ-ਹਮਾਸ ਵਿਚਕਾਰ ਜੰਗਬੰਦੀ ਅੱਜ ਤੋਂ

ਯੇਰੂਸ਼ਲਮ-ਹਮਾਸ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦਾ ਸਮਝੌਤਾ ਐਤਵਾਰ ਸਵੇਰੇ ਤੋਂ ਲਾਗੂ ਹੋ ਜਾਵੇਗਾ। ਇਜ਼ਰਾਇਲੀ ਮੰਤਰੀ ਮੰਡਲ ਨੇ ਅੱਜ ਸਵੇਰੇ ਗਾਜ਼ਾ ’ਚ ਜੰਗਬੰਦੀ ਸਮਝੌਤੇ ਨੂੰ ਮਨਜ਼ੂਰੀ ਦਿੱਤੀ। ਸਮਝੌਤਾ ਲਾਗੂ ਹੋਣ ਮਗਰੋਂ ਦਰਜਨਾਂ ਬੰਧਕਾਂ ਨੂੰ ਰਿਹਾਅ ਕੀਤਾ ਜਾ ਸਕੇਗਾ ਅਤੇ ਹਮਾਸ ਨਾਲ 15 ਮਹੀਨਿਆਂ ਤੋਂ ਚੱਲ ਰਹੀ ਜੰਗ ਰੁਕ ਜਾਵੇਗੀ। ਜੰਗਬੰਦੀ ਦੇ ਸਮਝੌਤੇ ਦੇ ਬਾਵਜੂਦ ਸ਼ਨਿਚਰਵਾਰ ਨੂੰ ਮੱਧ ਇਜ਼ਰਾਈਲ ’ਚ ਸਾਇਰਨ ਵਜਦੇ ਰਹੇ ਅਤੇ ਫੌਜ ਨੇ ਦੱਸਿਆ ਕਿ ਉਸ ਨੇ ਯਮਨ ਤੋਂ ਦਾਗ਼ੀ ਗਈ ਮਿਜ਼ਾਈਲ ਨੂੰ ਹਵਾ ’ਚ ਫੁੰਡ ਦਿੱਤਾ ਹੈ।

ਇਜ਼ਰਾਇਲੀ ਮੰਤਰੀ ਮੰਡਲ ਦੀ ਮੀਟਿੰਗ ਯਹੂਦੀ ‘ਸੱਬਾਥ’ ਦਿਵਸ ਦੀ ਸ਼ੁਰੂਆਤ ਮਗਰੋਂ ਹੋਈ ਜੋ ਇਸ ਮੌਕੇ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਯਹੂਦੀ ਕਾਨੂੰਨ ਮੁਤਾਬਕ ਇਜ਼ਰਾਈਲ ਸਰਕਾਰ ਅਕਸਰ ਹੰਗਾਮੀ ਮਾਮਲਿਆਂ ਨੂੰ ਛੱਡ ਕੇ ‘ਸੱਬਾਥ’ ’ਚ ਸਾਰੇ ਕੰਮ ਰੋਕ ਦਿੰਦੀ ਹੈ। ‘ਸੱਬਾਥ’ ਦਾ ਮਤਲਬ ਹੁੰਦਾ ਹੈ ਹਫ਼ਤੇ ਦਾ ਸੱਤਵਾਂ ਦਿਨ ਜੋ ਸ਼ੁੱਕਰਵਾਰ ਸ਼ਾਮ ਤੋਂ ਸ਼ਨਿਚਰਵਾਰ ਸ਼ਾਮ ਤੱਕ ਯਹੂਦੀਆਂ ਅਤੇ ਕੁਝ ਈਸਾਈਆਂ ਵੱਲੋਂ ਆਰਾਮ ਅਤੇ ਪੂਜਾ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਗੋਲੀਬੰਦੀ ਦੇ ਪਹਿਲੇ ਪੜਾਅ ਤਹਿਤ ਅਗਲੇ ਛੇ ਹਫ਼ਤਿਆਂ ਦੌਰਾਨ ਇਜ਼ਰਾਈਲ ਦੀਆਂ ਜੇਲ੍ਹਾਂ ’ਚ ਬੰਦ ਸੈਂਕੜੇ ਫਲਸਤੀਨੀਆਂ ਦੀ ਰਿਹਾਈ ਦੇ ਬਦਲੇ ’ਚ 33 ਬੰਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਜ਼ਰਾਈਲ ਦੇ ਨਿਆਂ ਮੰਤਰਾਲੇ ਨੇ ਰਿਹਾਅ ਕੀਤੇ ਜਾਣ ਵਾਲੇ 95 ਫਲਸਤੀਨੀ ਕੈਦੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ। ਸੂਚੀ ’ਚ ਸ਼ਾਮਲ ਸਾਰੇ ਵਿਅਕਤੀ ਨੌਜਵਾਨ ਜਾਂ ਮਹਿਲਾਵਾਂ ਹਨ। ਫੌਜੀਆਂ ਸਮੇਤ ਹੋਰਾਂ ਦੀ ਰਿਹਾਈ ਦਾ ਰਾਹ ਦੂਜੇ ਪੜਾਅ ’ਚ ਪੱਧਰਾ ਹੋਵੇਗਾ। ਹਮਾਸ ਨੇ ਸਮਝੌਤੇ ਦੇ ਪਹਿਲੇ ਦਿਨ ਤਿੰਨ ਮਹਿਲਾ ਬੰਦੀ, ਚੌਥੇ ਦਿਨ ਸੱਤ ਅਤੇ ਬਾਕੀ ਬੰਦੀ ਪੰਜ ਹਫ਼ਤਿਆਂ ’ਚ ਛੱਡਣ ਦੀ ਸਹਿਮਤੀ ਪ੍ਰਗਟਾਈ ਹੈ। ਪਹਿਲੇ ਪੜਾਅ ਤਹਿਤ ਇਜ਼ਰਾਇਲੀ ਫੌਜ ਬਫ਼ਰ ਜ਼ੋਨ ਤੱਕ ਪਿੱਛੇ ਹਟੇਗੀ। -ਏਪੀ

ਇਜ਼ਰਾਈਲ ਵੱਲੋਂ ਰਿਹਾਅ ਕੀਤੇ ਜਾਣ ਵਾਲੇ 700 ਫਲਸਤੀਨੀਆਂ ਦੀ ਸੂਚੀ ਜਾਰੀ- ਇਜ਼ਰਾਈਲ ਦੇ ਨਿਆਂ ਮੰਤਰਾਲੇ ਨੇ ਗੋਲੀਬੰਦੀ ਸਮਝੌਤੇ ਤਹਿਤ ਰਿਹਾਅ ਕੀਤੇ ਜਾਣ ਵਾਲੇ 700 ਤੋਂ ਵਧ ਫ਼ਲਸਤੀਨੀ ਕੈਦੀਆਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ ’ਚ ਹਮਾਸ ਅਤੇ ਇਸਲਾਮਿਕ ਦਹਿਸ਼ਤੀ ਗੁੱਟਾਂ ਦੇ ਮੈਂਬਰ ਵੀ ਸ਼ਾਮਲ ਹਨ ਜਿਨ੍ਹਾਂ ’ਚੋਂ ਕੁਝ ’ਤੇ ਹੱਤਿਆ ਜਿਹੇ ਗੰਭੀਰ ਦੋਸ਼ ਹਨ ਅਤੇ ਕੁਝ ਉਮਰ ਕੈਦ ਭੁਗਤ ਰਹੇ ਹਨ। ਸੂਚੀ ’ਚ ਮਾਰਵਾਨ ਬਰਗੌਤੀ (64) ਦਾ ਨਾਮ ਸ਼ਾਮਲ ਨਹੀਂ ਹੈ ਜਿਸ ਨੂੰ ਬਹੁਤੇ ਫਲਸਤੀਨੀ ਭਵਿੱਖ ਦੇ ਰਾਸ਼ਟਰਪਤੀ ਦਾ ਮੁੱਖ ਦਾਅਵੇਦਾਰ ਸਮਝਦੇ ਹਨ। ਹਮਾਸ ਨੇ ਉਸ ਦੀ ਰਿਹਾਈ ਮੰਗੀ ਸੀ ਅਤੇ ਜਾਪਦਾ ਹੈ ਕਿ ਇਜ਼ਰਾਇਲੀ ਅਧਿਕਾਰੀਆਂ ਨੇ ਬਰਗੌਤੀ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ।

Related posts

ਬਸਪਾ ਆਗੂ ਦੀ ਗੋਲੀ ਮਾਰ ਕੇ ਹੱਤਿਆ

Current Updates

‘ਆਪ’ ਦੇ ਚਾਰ ਆਗੂ ਮੇਅਰ ਬਣਨ ਦੀ ਦੌੜ ’ਚ ਸ਼ਾਮਲ

Current Updates

ਸਫ਼ਰ-ਏ-ਸ਼ਹਾਦਤ : ਸ੍ਰੀ ਅਨੰਦਪੁਰ ਸਾਹਿਬ ਦੀ ਰਾਖੀ ਲਈ ਬਣਾਇਆ ਸੀ ਕਿਲ੍ਹਾ ਫਤਹਿਗੜ੍ਹ ਸਾਹਿਬ

Current Updates

Leave a Comment