ਨਵੀਂ ਦਿੱਲੀ-ਸੁਪਰੀਮ ਕੋਰਟ (Supreme Court of India) ਨੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੂੰ ਹਸਪਤਾਲ ਵਿੱਚ ਦਾਖ਼ਲ ਕਰਾਉਣ ਸਬੰਧੀ ਜਾਰੀ ਹੁਕਮਾਂ ਬਾਰੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਤੋਂ ਪਾਲਣਾ ਰਿਪੋਰਟ ਤਲਬ ਕੀਤੀ ਹੈ। ਇਹ ਹੁਕਮ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਇੱਕ ਵੋਕੇਸ਼ਨਲ ਬੈਂਚ ਨੇ ਪੰਜਾਬ ਦੇ ਮੁੱਖ ਸਕੱਤਰ ਵਿਰੁੱਧ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਅਦਾਲਤੀ ਮਾਣਹਾਨੀ ਦੀ ਕਾਰਵਾਈ ਦੀ ਮੰਗ ਕਰਦੀ ਇਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਹਨ।
ਬੈਂਚ ਵਿਚ ਜਸਟਿਸ ਸੂਰਿਆ ਕਾਂਤ (Justice Surya Kant) ਨਾਲ ਜਸਟਿਸ ਸੁਧਾਂਸ਼ੂ ਧੂਲੀਆ (Justice Sudhanshu Dhulia) ਵੀ ਸ਼ਾਮਲ ਹਨ। ਬੈਂਚ ਨੇ ਕਿਹਾ, “ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹ ਪ੍ਰਭਾਵ ਹੈ ਕਿ ਤੁਸੀਂ ਇਸਦੀ ਪਾਲਣਾ ਨਹੀਂ ਕਰ ਰਹੇ ਹੋ।” ਡੱਲੇਵਾਲ ਦੀ ਜਾਨ ਅਤੇ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕਰਦੇ ਹੋਏ ਬੈਂਚ ਨੇ ਕਿਹਾ, “ਅਸੀਂ ਇਹ ਦੇਖਣ ਲਈ ਬਹੁਤ ਉਤਸੁਕ ਹਾਂ ਕਿ ਤੁਸੀਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦੇ ਸਾਡੇ ਹੁਕਮਾਂ ਦੀ ਕਿਵੇਂ ਪਾਲਣਾ ਕਰਦੇ ਹੋ। ਅਸੀਂ ਜ਼ਿਆਦਾ ਕੁਝ ਨਹੀਂ ਕਹਿ ਰਹੇ ਪਰ ਇਸ ਮਾਮਲੇ ਦੀ ਅਗਲੀ ਸੁਣਵਾਈ ਸ਼ਨਿੱਚਰਵਾਰ ਨੂੰ ਹੋਵੇਗੀ।”
ਦੱਸਣਯੋਗ ਹੈ ਕਿ ਡੱਲੇਵਾਲ ਬੀਤੀ 26 ਨਵੰਬਰ ਤੋਂ ਪੰਜਾਬ ਅਤੇ ਹਰਿਆਣਾ ਦੀ ਢਾਬੀ ਗੁਜਰਾਂ/ਖਨੌਰੀ ਸਰਹੱਦ ਉਤੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਲਈ ਮਰਨ ਵਰਤ ਉਤੇ ਬੈਠੇ ਹਨ। ਇਹ 70 ਸਾਲਾ ਆਗੂ ਕੈਂਸਰ ਦਾ ਮਰੀਜ਼ ਵੀ ਹੈ।
ਮਾਮਲੇ ਦੀ ਸੁਣਵਾਈ 2 ਜਨਵਰੀ, 2025 ਤੱਕ ਮੁਲਤਵੀ ਕਰਦੇ ਹੋਏ ਸੁਪਰੀਮ ਕੋਰਟ ਨੇ ਮੁੱਖ ਸਕੱਤਰ ਅਤੇ ਮੈਡੀਕਲ ਬੋਰਡ ਦੇ ਚੇਅਰਪਰਸਨ ਤੋਂ ਡੱਲੇਵਾਲ ਦੀ ਸਿਹਤ ਦੀ ਸਥਿਰਤਾ ਬਾਰੇ ਇੱਕ ਨਵੀਂ ਮੈਡੀਕਲ ਰਿਪੋਰਟ ਮੰਗੀ ਸੀ, ਨਾਲ ਹੀ ਉਨ੍ਹਾਂ ਦੀ ਸਿਹਤ ਨੂੰ ਹੋਣ ਵਾਲੇ ਕਿਸੇ ਵੀ ਅਟੱਲ ਨੁਕਸਾਨ ਨੂੰ ਰੋਕਣ ਲਈ ਇਸ ਦੌਰਾਨ ਚੁੱਕੇ ਗਏ ਜ਼ਰੂਰੀ ਕਦਮਾਂ ਬਾਰੇ ਜਾਣਕਾਰੀ ਦੇਣ ਲਈ ਵੀ ਕਿਹਾ ਸੀ।