ਨਵੀਂ ਦਿੱਲੀ : ਭਾਰਤੀ ਟੀਮ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਜਦੋਂ ਐਡੀਲੇਡ ‘ਚ ਫਿਜ਼ੀਓ ਦੀ ਮਦਦ ਲਈ ਸੀ ਤਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧ ਗਈ। ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ ਕਿ ਬੁਮਰਾਹ ਜ਼ਖ਼ਮੀ ਹੋ ਗਿਆ ਹੈ ਤੇ ਟੈਸਟ ‘ਚ ਟੀਮ ਇੰਡੀਆ ਨੂੰ ਉਸ ਦੀ ਸੇਵਾਵਾਂ ਨਹੀਂ ਮਿਲ ਸਕੇਗੀ।ਹਾਲਾਂਕਿ ਬੁਮਰਾਹ ਨੇ ਖੁਦ ਹੀ ਆਪਣੀ ਸੱਟ ਦੀ ਚਿੰਤਾ ਨੂੰ ਦੂਰ ਕਰ ਕੇ ਭਾਰਤੀ ਪ੍ਰਸ਼ੰਸਕਾਂ ਨੂੰ ਰਾਹਤ ਪਹੁੰਚਾਈ ਹੈ। ਬੁਮਰਾਹ ਨੇ ਵੀਰਵਾਰ ਨੂੰ ਨੈੱਟ ‘ਤੇ ਗੇਂਦਬਾਜ਼ੀ ਦਾ ਅਭਿਆਸ ਕੀਤਾ। ਇਸ ਦਾ ਸਬੂਤ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਰਾਹੀਂ ਮਿਲਿਆ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਬੁਮਰਾਹ ਪੂਰਾ ਜ਼ੋਰ ਲਗਾ ਕੇ ਗੇਂਦਬਾਜ਼ੀ ਕਰਦੇ ਨਜ਼ਰ ਆ ਰਹੇ ਹਨ।
ਸ਼ਾਨਦਾਰ ਫਾਰਮ ‘ਚ ਹੈ ਬੁਮਰਾਹ-ਜ਼ਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ ਇਸ ਸਮੇਂ ਸ਼ਾਨਦਾਰ ਫਾਰਮ ‘ਚ ਹੈ। ਪਰਥ ‘ਚ ਬੁਮਰਾਹ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ 295 ਦੌੜਾਂ ਦੀ ਰਿਕਾਰਡ ਜਿੱਤ ਦਿਵਾਈ ਸੀ। ਐਡੀਲੇਡ ਵਿੱਚ ਬੁਮਰਾਹ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਜਦੋਂ ਕਿ ਭਾਰਤ ਨੂੰ 10 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਕ ਪੱਤਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਬੁਮਰਾਹ ਨੇ ਵੀਰਵਾਰ ਨੂੰ ਨੈੱਟ ‘ਤੇ ਰਵੀਚੰਦਰਨ ਅਸ਼ਵਿਨ ਨਾਲ ਕੁਝ ਲੈੱਗ ਸਪਿਨ ਗੇਂਦਾਂ ਸੁੱਟੀਆਂ ਤੇ ਫਿਰ ਆਪਣੀ ਤੇਜ਼ ਗੇਂਦਬਾਜ਼ੀ ਦਾ ਅਭਿਆਸ ਕੀਤਾ। ਉਸ ਨੇ ਭਾਰਤੀ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਤੇ ਯਸ਼ਸਵੀ ਜੈਸਵਾਲ ਵਿਰੁੱਧ ਗੇਂਦਬਾਜ਼ੀ ਦਾ ਅਭਿਆਸ ਕੀਤਾ।
ਬੁਮਰਾਹ ਲਈ ਸ਼ਾਨਦਾਰ ਸਾਲ-ਜਸਪ੍ਰੀਤ ਬੁਮਰਾਹ ਲਈ ਸਾਲ 2024 ਵੀ ਸ਼ਾਨਦਾਰ ਰਿਹਾ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਸਾਲ 2024 ‘ਚ ਹੁਣ ਤੱਕ 53 ਵਿਕਟਾਂ ਲਈਆਂ । ਬ੍ਰਿਸਬੇਨ ਟੈਸਟ ‘ਚ ਵੀ ਆਪਣੇ ਨੰਬਰ ਵਧਾਉਣ ਦੀ ਕੋਸ਼ਿਸ਼ ਕਰੇਗਾ। ਜ਼ਿਕਰਯੋਗ ਹੈ ਕਿ 31 ਸਾਲ ਦੇ ਬੁਮਰਾਹ ਨੇ ਹੁਣ ਤੱਕ 42 ਟੈਸਟਾਂ ਵਿੱਚ 19.96 ਦੀ ਔਸਤ ਨਾਲ 185 ਵਿਕਟਾਂ ਹਾਸਲ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਮੌਜੂਦਾ ਬਾਰਡਰ-ਗਾਵਸਕਰ ਟਰਾਫੀ ਵਿੱਚ ਭਾਰਤ ਤੇ ਆਸਟ੍ਰੇਲੀਆ 1-1 ਦੀ ਬਰਾਬਰੀ ‘ਤੇ ਹੈ। ਪਰਥ ਵਿੱਚ ਭਾਰਤੀ ਟੀਮ ਨੇ 295 ਦੌੜਾਂ ਦੀ ਰਿਕਾਰਡ ਜਿੱਤ ਦਰਜ ਕਰ ਕੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾਈ। ਫਿਰ ਕੰਗਾਰੂ ਟੀਮ ਨੇ ਜ਼ਬਰਦਸਤ ਵਾਪਸੀ ਕਰ ਐਡੀਲੇਡ ‘ਚ 10 ਵਿਕਟਾਂ ਨਾਲ ਜਿੱਤ ਦਰਜ ਕੀਤੀ ਤੇ ਸੀਰੀਜ਼ 1-1 ਨਾਲ ਬਰਾਬਰ ਕੀਤੀ। ਹੁਣ ਦੋਵਾਂ ਟੀਮਾਂ ਵਿਚਾਲੇ 14 ਦਸੰਬਰ ਤੋਂ ਗਾਬਾ ਵਿੱਚ ਤੀਜਾ ਟੈਸਟ ਖੇਡਿਆ ਜਾਵੇਗਾ। ਭਾਰਤੀ ਟੀਮ ਦੀ ਕੋਸ਼ਿਸ਼ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾਉਣ ਦੀ ਹੋਵੇਗੀ। ਇਸ ਲਈ ਬੁਮਰਾਹ ਦਾ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ।