ਨਵੀਂ ਦਿੱਲੀ :- ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਅੱਜ ਸਰਕਾਰ ਵੱਲੋਂ ਸੱਦੀ ਗਈ ਰਵਾਇਤੀ ਸਰਬ ਪਾਰਟੀ ਮੀਟਿੰਗ ਵਿੱਚ ਕਾਂਗਰਸ ਨੇ ਅਡਾਨੀ ਸਮੂਹ ’ਤੇ ਰਿਸ਼ਵਤਖੋਰੀ ’ਤੇ ਲੱਗੇ ਦੋਸ਼ਾਂ ’ਤੇ ਚਰਚਾ ਦੀ ਮੰਗ ਕੀਤੀ। ਇਸ ਤੋਂ ਇਲਾਵਾ ਵਿਰੋਧੀ ਪਾਰਟੀ ਨੇ ਮਨੀਪੁਰ ਮੁੱਦੇ, ਉੱਤਰੀ ਭਾਰਤ ਵਿੱਚ ਪ੍ਰਦੂਸ਼ਣ ਅਤੇ ਰੇਲ ਹਾਦਸਿਆਂ ’ਤੇ ਵੀ ਚਰਚਾ ਦੀ ਮੰਗ ਕੀਤੀ।
ਕਾਂਗਰਸ ਆਗੂ ਪ੍ਰਮੋਦ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੈਸ਼ਨ ਵਿਚ ਅਡਾਨੀ ਸਮੂਹ ’ਤੇ ਰਿਸ਼ਵਤਖੋਰੀ ਦੇ ਦੋਸ਼ਾਂ ’ਤੇ ਚਰਚਾ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਚਾਹੁੰਦੀ ਹੈ ਕਿ ਸੋਮਵਾਰ ਨੂੰ ਇਸ ਮੁੱਦੇ ਨੂੰ ਸੰਸਦ ਵਿਚ ਸਭ ਤੋਂ ਪਹਿਲਾਂ ਉਠਾਇਆ ਜਾਵੇ। ਰਾਜ ਸਭਾ ਮੈਂਬਰ ਨੇ ਕਿਹਾ ਕਿ ਇਹ ਦੇਸ਼ ਦੇ ਆਰਥਿਕ ਅਤੇ ਸੁਰੱਖਿਆ ਹਿੱਤਾਂ ਨਾਲ ਜੁੜਿਆ ਗੰਭੀਰ ਮੁੱਦਾ ਹੈ ਕਿਉਂਕਿ ਇਸ ਕੰਪਨੀ ਵੱਲੋਂ ਆਪਣੇ ਸੌਰ ਊਰਜਾ ਪ੍ਰਾਜੈਕਟਾਂ ਲਈ ਅਨੁਕੂਲ ਸੌਦੇ ਲਈ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਨੂੰ 2,300 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਸੀ।
ਕਾਂਗਰਸ ਆਗੂ ਨੇ ਕਿਹਾ ਕਿ ਕਾਂਗਰਸ ਉੱਤਰੀ ਭਾਰਤ ਵਿੱਚ ਗੰਭੀਰ ਹਵਾ ਪ੍ਰਦੂਸ਼ਣ, ਮਨੀਪੁਰ ਦੀ ਸਥਿਤੀ ਜੋ ਕਾਬੂ ਤੋਂ ਬਾਹਰ ਹੋ ਗਈ ਹੈ ਅਤੇ ਰੇਲ ਹਾਦਸਿਆਂ ਵਰਗੇ ਮੁੱਦਿਆਂ ’ਤੇ ਵੀ ਚਰਚਾ ਚਾਹੁੰਦੀ ਹੈ। ਇਸ ਵੇਲੇ ਦਿੱਲੀ ਤੇ ਆਸ ਪਾਸ ਦੇ ਖੇਤਰਾਂ ਵਿਚ ਪ੍ਰਦੂਸ਼ਣ ਨੇ ਲੋਕਾਂ ਦਾ ਨੱਕ ਵਿਚ ਦਮ ਕੀਤਾ ਹੋਇਆ ਹੈ ਤੇ ਲੋਕ ਗੰਭੀਰ ਬਿਮਾਰੀਆਂ ਦੀ ਮਾਰ ਹੇਠ ਆ ਰਹੇ ਹਨ।