ਨਵੀਂ ਦਿੱਲੀ— ਕਈ ਸੂਬਿਆਂ ‘ਚ ਮਾਨਸੂਨ ਪਹਿਲਾਂ ਹੀ ਪਹੁੰਚ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ‘ਚ ਮਾਨਸੂਨ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਹੋਰ ਇਲਾਕਿਆਂ ਨੂੰ ਕਵਰ ਕਰ ਲਵੇਗਾ। ਇਸ ਦੇ ਨਾਲ ਹੀ ਬੀਤੇ ਦਿਨ ਦੇਸ਼ ਦੇ ਸਾਰੇ ਹਿੱਸਿਆਂ ‘ਚੋਂ ਹੀਟਵੇਵ ਵੀ ਖਤਮ ਹੋ ਗਈ, ਜਿਸ ਨਾਲ ਕੜਾਕੇ ਦੀ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਮਿਲੀ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਪੰਜ ਦਿਨਾਂ ਤੱਕ ਪੂਰਬੀ ਮੱਧ ਅਤੇ ਉੱਤਰ ਪੱਛਮੀ ਭਾਰਤ ਦੇ ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਦੱਖਣ-ਪੱਛਮੀ ਮਾਨਸੂਨ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ, ਛੱਤੀਸਗੜ੍ਹ, ਪੂਰਬੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵੱਲ ਵਧ ਰਿਹਾ ਹੈ। ਉੱਤਰ-ਪੂਰਬ ਅਤੇ ਨਾਲ ਲੱਗਦੇ ਭਾਰਤ ਦੀ ਗੱਲ ਕਰੀਏ ਤਾਂ ਅਗਲੇ ਪੰਜ ਦਿਨਾਂ ਤੱਕ ਭਾਰੀ ਬਾਰਿਸ਼ ਹੋਵੇਗੀ। ਅਜਿਹੇ ‘ਚ 25-26 ਜੂਨ ਨੂੰ ਓਡੀਸ਼ਾ ‘ਚ ਭਾਰੀ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ ਉੜੀਸਾ, ਝਾਰਖੰਡ ‘ਚ 25 ਅਤੇ 26 ਜੂਨ ਨੂੰ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗੰਗਾ ਪੱਛਮੀ ਬੰਗਾਲ ਵਿੱਚ 24 ਤੋਂ 25 ਜੂਨ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਵਿੱਚ 25-28 ਜੂਨ ਦਰਮਿਆਨ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਉੱਤਰ ਪੱਛਮੀ ਭਾਰਤ ਦੇ ਰਾਜਾਂ ਦੀ ਗੱਲ ਕਰੀਏ ਤਾਂ 24-28 ਜੂਨ ਦੌਰਾਨ ਹਿਮਾਲੀਅਨ ਖੇਤਰਾਂ ਵਿੱਚ ਭਾਰੀ ਬਾਰਸ਼ ਦਾ ਅਲਰਟ ਹੈ। ਇਸ ਤੋਂ ਇਲਾਵਾ 25-28 ਜੂਨ ਨੂੰ ਰਾਜਸਥਾਨ ਨੂੰ ਛੱਡ ਕੇ ਮੈਦਾਨੀ ਇਲਾਕਿਆਂ ‘ਚ ਬਾਰਿਸ਼ ਹੋਵੇਗੀ। 25 ਜੂਨ ਨੂੰ ਉੱਤਰਾਖੰਡ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਉੱਤਰਾਖੰਡ-ਹਿਮਾਚਲ ਪ੍ਰਦੇਸ਼ ਵਿੱਚ 24 ਤੋਂ 28 ਜੂਨ ਦਰਮਿਆਨ ਬਾਰਸ਼ ਜਾਰੀ ਰਹੇਗੀ। ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਰਾਂ ਵਿੱਚ 24 ਤੋਂ 26 ਜੂਨ ਦਰਮਿਆਨ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਪੂਰਬੀ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ 25-26 ਜੂਨ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ 25-28 ਜੂਨ ਦਰਮਿਆਨ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਨੇ ਮੱਧ ਭਾਰਤ ਦੇ ਰਾਜਾਂ ਲਈ ਅਗਲੇ ਪੰਜ ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ, ਵਿਦਰਭ ਵਿੱਚ ਮੀਂਹ ਪਵੇਗਾ। ਪੂਰਬੀ ਮੱਧ ਪ੍ਰਦੇਸ਼ ਵਿੱਚ 26-27 ਜੂਨ ਨੂੰ, ਪੱਛਮੀ ਮੱਧ ਪ੍ਰਦੇਸ਼ ਵਿੱਚ 27 ਜੂਨ ਨੂੰ ਭਾਰੀ ਬਾਰਸ਼ ਹੋਵੇਗੀ। ਦੱਖਣੀ ਭਾਰਤ ਦੀ ਗੱਲ ਕਰੀਏ ਤਾਂ ਤਾਮਿਲਨਾਡੂ ਨੂੰ ਛੱਡ ਕੇ ਅਗਲੇ ਪੰਜ ਦਿਨਾਂ ਤੱਕ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਤੂਫਾਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। 24 ਜੂਨ ਨੂੰ ਤੱਟਵਰਤੀ ਕਰਨਾਟਕ, 27 ਜੂਨ ਨੂੰ ਕੇਰਲ ਅਤੇ ਮਾਹੇ, 24 ਜੂਨ ਨੂੰ ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਾਮ ਅਤੇ ਤੇਲੰਗਾਨਾ ਅਤੇ 25-28 ਜੂਨ ਨੂੰ ਓਡੀਸ਼ਾ ਅਤੇ 25 ਅਤੇ 26 ਜੂਨ ਨੂੰ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਪਿਛਲੇ ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਪੱਛਮੀ ਅਤੇ ਉੱਤਰ-ਪੂਰਬੀ ਰਾਜਸਥਾਨ, ਦੱਖਣੀ ਹਰਿਆਣਾ, ਦੱਖਣ-ਪੂਰਬੀ ਉੱਤਰ ਪ੍ਰਦੇਸ਼, ਉੱਤਰ ਪੱਛਮੀ ਝਾਰਖੰਡ, ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ਵਿੱਚ ਵੱਧ ਤੋਂ ਵੱਧ ਤਾਪਮਾਨ 38-40 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਚਾਰ ਤੋਂ ਛੇ ਡਿਗਰੀ ਸੈਲਸੀਅਸ ਹੇਠਾਂ ਆਉਣ ਦੀ ਸੰਭਾਵਨਾ ਹੈ।