ਚੰਡੀਗੜ੍ਹ : ਪੰਜਾਬ ਵਿਚ ਬਿਜਲੀ ਦਰਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਇਸ ਬਾਬਤ ਹੁਕਮ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਜਾਰੀ ਕਰ ਦਿੱਤੇ ਹਨ। ਜਾਰੀ ਹੁਕਮਾਂ ਮੁਤਾਬਕ ਘਰੇਲੂ ਖਪਤਕਾਰਾਂ ਲਈ 2 ਕਿੱਲੋਵਾਟ ਲੋਡ ਤੱਕ ਲਈ ਪਹਿਲੇ 100 ਯੂਨਿਟ ਲਈ ਦਰ 3.49 ਰੁਪਏ ਤੋਂ ਵਧਾ ਕੇ 4.19 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਫਿਕਸ ਚਾਰਜਿਜ਼ ਵੀ 35 ਰੁਪਏ ਤੋਂ ਵਧਾ ਕੇ 50 ਰੁਪਏ ਪ੍ਰਤੀ ਕਿੱਲੋਵਾਟ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ 101 ਤੋਂ 300 ਯੂਨਿਟ ਤੱਕ ਦਰ 5.84 ਰੁਪਏ ਤੋਂ ਵਧਾ ਕੇ 6.64 ਰੁਪਏ ਪ੍ਰਤੀ ਯੂਨਿਟ ਕੀਤੇ ਗਏ ਹਨ ਤੇ 300 ਯੂਨਿਟ ਤੋਂ ਵੱਧ ਲਈ 7.30 ਰੁਪਏ ਤੋਂ ਵਧਾ ਕੇ 7.75 ਰੁਪਏ ਪ੍ਰਤੀ ਯੂਨਿਟ ਦਰ ਕੀਤੀ ਗਈ ਹੈ। ਘਰੇਲੂ ਖਪਤਕਾਰਾਂ, ਜਿਨ੍ਹਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ, ਨੂੰ 15 ਰੁਪਏ ਪ੍ਰਤੀ ਕਿਲੋ ਵਾਟ ਵਾਧੂ ਫਿਕਸਡ ਚਾਰਜਿਜ਼ ਵਜੋਂ ਅਦਾ ਕਰਨੇ ਪੈਣਗੇ, ਜਦਕਿ ਪ੍ਰਤੀ ਯੂਨਿਟ ਟੈਰਿਫ 25 ਪੈਸੇ ਤੋਂ 70 ਪੈਸੇ ਪ੍ਰਤੀ ਯੂਨਿਟ ਵਧਾ ਦਿੱਤਾ ਗਿਆ ਹੈ। ਗੈਰ-ਰਿਹਾਇਸ਼ੀ ਜਾਂ ਵਪਾਰਕ ਖਪਤਕਾਰਾਂ ਨੂੰ ਫਿਕਸਡ ਚਾਰਜਿਜ਼ ਵਜੋਂ 25-30 ਰੁਪਏ ਅਦਾ ਕਰਨੇ ਪੈਣਗੇ, ਪ੍ਰਤੀ ਯੂਨਿਟ ਟੈਰਿਫ ਵਿੱਚ 28-41 ਪੈਸੇ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ। ਸੂਬੇ ਵਿੱਚ ਉਦਯੋਗਾਂ ਨੂੰ 25 ਤੋਂ 30 ਰੁਪਏ ਵਾਧੂ ਫਿਕਸ ਚਾਰਜਿਜ਼ ਵਜੋਂ ਅਦਾ ਕਰਨੇ ਪੈਣਗੇ, ਉਦਯੋਗਿਕ ਖਪਤਕਾਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਪ੍ਰਤੀ ਯੂਨਿਟ ਟੈਰਿਫ ਹੁਣ 30-40 ਪੈਸੇ ਪ੍ਰਤੀ ਯੂਨਿਟ ਹੋ ਗਿਆ ਹੈ। ਇੱਥੋਂ ਤੱਕ ਕਿ ਖੇਤੀ ਖਪਤਕਾਰਾਂ ਲਈ ਵੀ ਪ੍ਰਤੀ ਯੂਨਿਟ ਲਾਗਤ 90 ਪੈਸੇ ਵਧਾ ਦਿੱਤੀ ਗਈ ਹੈ।