ਦੇਵੀਗਡ਼੍ਹ- ਹਲਕਾ ਸਨੌਰ ਤੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਹਲਕਾ ਸਨੌਰ ਵਿੱਚ ਸ਼ੁਕਰਾਨਾ ਯਾਤਰਾ ਕੱਢੀ। ਇਹ ਰੋਡ ਸ਼ੋਅ ਅੱਜ ਸਵੇਰੇ ਸਨੀ ਇਨਕਲੇਵ ਦੇਵੀਗੜ੍ਹ ਤੋਂ ਸ਼ੁਰੂ ਹੋ ਕੇ ਕਸਬਾ ਭੁੱਨਰਹੇੜੀ, ਫਿਰ ਕਸਬਾ ਦੇਵੀਗੜ੍ਹ, ਦੂਧਨਸਾਧਾਂ, ਰੌਹੜ ਜਗੀਰ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਘੜਾਮ ਵਿਖੇ ਪੁੱਜਾ ਅਤੇ ਬਾਅਦ ਵਿੱਚ ਪਿੰਡ ਪਠਾਣਮਾਜਰਾ ਵਿੱਚ ਪਹੁੰਚ ਕੇ ਪਠਾਣਮਾਜਰਾ ਦੇ ਘਰ ਸਮਾਪਤ ਹੋਇਆ। ਇਸ ਦੌਰਾਨ ਹਰਮੀਤ ਸਿੰਘ ਪਠਾਣਮਾਜਰਾ ਨੇ ਭੁੱਨਰਹੇੜੀ ਦੇ ਗੁਰਦੁਆਰਾ ਸਾਹਿਬ, ਦੇਵੀਗੜ੍ਹ ਵਿਖੇ ਡੇਰਾ ਬਾਬਾ ਸ਼ੰਕਰ ਗਿਰ ਔਲੀਆ, ਹਨੁਮਾਨ ਮੰਦਿਰ ਦੇਵੀਗੜ੍ਹ, ਅਤੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਥਾ ਟੇਕਿਆ। ਇਨ੍ਹਾਂ ਧਾਰਮਿਕ ਸਥਾਨਾ ਵਿਖੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਹਰਮੀਤ ਪਠਾਣਮਾਜਰਾ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਅੱਜ ਦੇ ਰੋਡ ਸ਼ੋਅ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਹੀ ਸਰਕਾਰ ਨਾਲ ਟੱਕਰ ਲਈ ਸੀ ਪਰ ਮੌਜੂਦਾ ਪੰਜਾਬ ਸਰਕਾਰ ਨਾਲ ਮਨ ਮੁਟਾਵ ਚਲਦਿਆਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰੀ ਵਿੱਢ ਦਿੱਤੀ ਗਈ ਹੈ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਮੱਥਾ ਟੇਕਿਆ ਪਟਿਆਲਾ: ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਮੂਲੀਅਤ ਕਰਨ ਵਾਲੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਕਈ ਦਿਨਾਂ ਬਾਅਦ ਆਪਣੇ ਜ਼ਿਲ੍ਹੇ ਪਟਿਆਲਾ ਦਾ ਦੌਰਾ ਕੀਤਾ। ਉਨ੍ਹਾਂ ਸ਼ੁਕਰਾਨੇ ਵਜੋਂ ਗੁਰਦੁਆਰਾ ਦੂਖਨਿਵਾਰਨ ਸਾਹਿਬ ਮੱਥਾ ਟੇਕਿਆ। ਇਥੇ ਸੰਖੇਪ ਮੀਡੀਆ ਮਿਲਣੀ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਭਾਜਪਾ ਨੂੰ ਮਜ਼ਬੂਤ ਕਰਨ ਲਈ ਅੱਜ ਤੋਂ ਮੁਹਿੰਮ ਆਰੰਭ ਦਿੱਤੀ ਹੈ। ਇਸ ਮੁਹਿੰਮ ਵਜੋਂ ਹਲਕਾ ਸਨੌਰ ਦੇ ਪਿੰਡ-ਪਿੰਡ ਪਹੁੰਚ ਕਰ ਕੇ ਲੋਕਾਂ ਨੂੰ ਭਾਜਪਾ ਦੀਆਂ ਲੋਕ ਭਲਾਈ ਨੀਤੀਆਂ ਤੇ ਨੀਯਤ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਜੇ ਪਾਰਟੀ ਉਨ੍ਹਾਂ ਨੂੰ ਬਤੌਰ ਭਾਜਪਾ ਉਮੀਦਵਾਰ ਲਿਆਉਂਦੀ ਹੈ ਤਾਂ ਸਨੌਰ ਹਲਕੇ ਦੀ ਜਿੱਤ ਉਹ ਭਾਜਪਾ ਦੀ ਝੋਲੀ ਪਾਉਣ ਦੇ ਸਮਰੱਥ ਹਨ। ‘ਆਪ’ ਦੇ ਦਿਨ ਪੁੱਗ ਗਏ ਹਨ। ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਭਾਜਪਾ ਦੇ ਸਥਾਨਕ ਟਕਸਾਲੀ ਆਗੂ ਅਤੇ ਸਾਬਕਾ ਸਟੇਟ ਮੀਡੀਆ ਬੁਲਾਰਾ ਭੁਪੇਸ਼ ਅਗਰਵਾਲ ਦੇ ਘਰ ਪਹੁੰਚਣ ’ਤੇ ਉਨ੍ਹਾਂ ਦਾ ਅਗਰਵਾਲ ਪਰਿਵਾਰ ਤੇ ਭਾਜਪਾ ਵਰਕਰਾਂ ਵੱਲੋਂ ਉਚੇਚੇ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ‘ਆਪ’ ਛੱਡ ਕੇ ਭਾਜਪਾ ’ਚ ਗਏ ਸਮਾਣਾ ਹਲਕੇ ਦੇ ਸਾਬਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੀ ਅੱਜ ਕਈ ਭਾਜਪਾ ਆਗੂਆਂ ਨਾਲ ਬੈਠਕਾਂ ਕੀਤੀਆਂ।
