October 16, 2026
ਖਾਸ ਖ਼ਬਰਰਾਸ਼ਟਰੀ

ਦੀਪਕੇ ਨੇ CJP ਦੇ ਪ੍ਰਦਰਸ਼ਨ ਦੇ ਉਦੇਸ਼ਾਂ ਬਾਰੇ ਦਿੱਤੀ ਸਫ਼ਾਈ; ਪ੍ਰਸ਼ਾਂਤ ਭੂਸ਼ਣ ਅਤੇ ਨੇਹਾ ਬੋਰਾ ਤੋਂ ਬਣਾਈ ਦੂਰੀ

ਦੀਪਕੇ ਨੇ CJP ਦੇ ਪ੍ਰਦਰਸ਼ਨ ਦੇ ਉਦੇਸ਼ਾਂ ਬਾਰੇ ਦਿੱਤੀ ਸਫ਼ਾਈ; ਪ੍ਰਸ਼ਾਂਤ ਭੂਸ਼ਣ ਅਤੇ ਨੇਹਾ ਬੋਰਾ ਤੋਂ ਬਣਾਈ ਦੂਰੀ

ਨਵੀਂ ਦਿੱਲੀ-  ਕੌਕੋਰੇਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ‘ਸੱਤਾ ਬਦਲਣ’ (regime change) ਦੇ ਬਿਰਤਾਂਤ ਤੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ। ਨਵੀਂ ਦਿੱਲੀ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੀਪਕੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਅੰਦੋਲਨ ਦਾ ਮਕਸਦ ਸਰਕਾਰ ਬਦਲਣਾ ਨਹੀਂ, ਸਗੋਂ ਮੁੱਖ ਚੋਣ ਕਮਿਸ਼ਨਰ ਨੂੰ ਉਸ ਦੇ ਅਹੁਦੇ ਤੋਂ ਹਟਾਉਣਾ ਹੈ। ਦੀਪਕੇ ਨੇ ਆਖਿਆ, “ਅਸੀਂ ਸਰਕਾਰ ਬਦਲਣ ਦੀ ਗੱਲ ਨਹੀਂ ਕਰ ਰਹੇ। ਸਾਡੀ ਸਿੱਧੀ ਮੰਗ ਹੈ ਕਿ ਜੋ ਮੁੱਖ ਚੋਣ ਕਮਿਸ਼ਨਰ ਚੋਣਾਂ ਵਿੱਚ ਗੜਬੜੀ ਕਰ ਰਿਹਾ ਹੈ, ਆਪਣੇ ਸਾਥੀ ਚੋਣ ਕਮਿਸ਼ਨਰਾਂ ਅਤੇ ਸੁਪਰੀਮ ਕੋਰਟ ਦੀ ਗੱਲ ਨਹੀਂ ਸੁਣ ਰਿਹਾ, ਉਸ ਨੂੰ ਤੁਰੰਤ ਹਟਾਇਆ ਜਾਵੇ ਅਤੇ ਉਸ ਦੀ ਥਾਂ ਕਿਸੇ ਨਿਰਪੱਖ ਵਿਅਕਤੀ ਨੂੰ ਨਿਯੁਕਤ ਕੀਤਾ ਜਾਵੇ।”

ਦੀਪਕੇ ਦਾ ਇਹ ਬਿਆਨ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਉਸ ਟਿੱਪਣੀ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਅੰਦੋਲਨ ਨੂੰ ‘ਸੱਤਾ ਬਦਲਣ ਦੀ ਲੜਾਈ’ ਕਰਾਰ ਦਿੱਤਾ ਸੀ। ਇਸ ਤੋਂ ਇਲਾਵਾ, ਆਇਸਾ (AISA) ਆਗੂ ਨੇਹਾ ਬੋਰਾ ਵੱਲੋਂ ਬਾਂਗਲਾਦੇਸ਼ ਦੇ ਅੰਦੋਲਨ ਤੋਂ ਪ੍ਰੇਰਨਾ ਲੈਣ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਭਾਜਪਾ ਨੇ ਵੀ ਪ੍ਰਦਰਸ਼ਨਕਾਰੀਆਂ ’ਤੇ ਤਿੱਖੇ ਹਮਲੇ ਬੋਲੇ ਸਨ। ਭਾਜਪਾ ਤਰਜਮਾਨ ਪ੍ਰਦੀਪ ਭੰਡਾਰੀ ਨੇ ਦੋਸ਼ ਲਾਇਆ ਸੀ ਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦਾ ਪੂਰਾ ਈਕੋਸਿਸਟਮ ਦੇਸ਼ ਵਿੱਚ ‘ਬਾਂਗਲਾਦੇਸ਼ ਵਰਗੀ ਅਰਾਜਕਤਾ’ ਫੈਲਾ ਕੇ ਸਰਕਾਰ ਡੇਗਣਾ ਚਾਹੁੰਦਾ ਹੈ।

ਹਾਲਾਂਕਿ, ਦੀਪਕੇ ਨੇ ਭਾਜਪਾ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸਿਰਫ਼ ਚੋਣ ਪ੍ਰਣਾਲੀ ਦੀ ਪਾਰਦਰਸ਼ਤਾ ਲਈ ਲੜ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੀਈਓ ਨੇ ਸੁਪਰੀਮ ਕੋਰਟ ਦੀ ਮੰਜ਼ੂਰੀ ਤੋਂ ਬਿਨਾਂ ਫ਼ਾਰਮ-6 ਵਿੱਚ ਬਦਲਾਅ ਕੀਤੇ ਹਨ। ਉਨ੍ਹਾਂ ਸਵਾਲ ਕੀਤਾ, “ਕੀ ਲੋਕਤੰਤਰ ਵਿੱਚ ਜਵਾਬਦੇਹੀ ਮੰਗਣਾ ਕੋਈ ਗੁਨਾਹ ਹੈ?”

ਦੂਜੇ ਪਾਸੇ, ਸ਼ੁੱਕਰਵਾਰ ਨੂੰ ਕਨਾਟ ਪਲੇਸ ਵਿਖੇ ਉਲੀਕੇ ‘ਲਹਿਰਾ ਦੋ ਤਿਰੰਗਾ’ ਪ੍ਰੋਗਰਾਮ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਸਖ਼ਤੀਆਂ ‘ਤੇ ਵੀ ਦੀਪਕੇ ਨੇ ਨਿਸ਼ਾਨਾ ਸੇਧਿਆ। ਉਨ੍ਹਾਂ ਪੁੱਛਿਆ ਕਿ ਜਦੋਂ ਤੋਂ CJP ਨੇ ਰਾਸ਼ਟਰੀ ਝੰਡੇ ਨਾਲ ਇਕੱਠੇ ਹੋਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਸੈਂਟਰਲ ਪਾਰਕ ਨੂੰ ਬੰਦ ਕਿਉਂ ਕੀਤਾ ਜਾ ਰਿਹਾ ਹੈ? ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਪ੍ਰਦਰਸ਼ਨ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਪੁਲੀਸ ਨੂੰ ਅਮਨ-ਕਾਨੂੰਨ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਨਵੀਂ ਦਿੱਲੀ ਨਗਰ ਪਾਲਿਕਾ ਪਰਿਸ਼ਦ (NDMC) ਨੇ 16 ਅਤੇ 17 ਅਕਤੂਬਰ ਨੂੰ ਸੈਂਟਰਲ ਪਾਰਕ ਆਮ ਲੋਕਾਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਹੈ। ਦਿੱਲੀ ਪੁਲੀਸ ਨੇ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਅਤੇ ਇਲਾਕੇ ਵਿੱਚ 6,000 ਤੋਂ ਵੱਧ ਪੁਲੀਸ ਤੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

Related posts

ਭਗਵੰਤ ਮਾਨ ਸਰਕਾਰ ਦਾ ‘ਮਿਸ਼ਨ ਰੋਜ਼ਗਾਰ’ ਜਾਰੀ; ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਵਿੱਚ 450 ਏ.ਐੱਸ.ਆਈਜ਼. ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Current Updates

ਪੰਜਾਬ ‘ਚ ਨਸ਼ਾ ਤਸਕਰੀ ‘ਤੇ ਵੱਡੀ ਕਾਰਵਾਈ: 44.5 ਕਿੱਲੋ ਹੈਰੋਇਨ ਅਤੇ 3 ਕਿੱਲੋ ICE ਡਰੱਗ ਸਮੇਤ ਅੰਤਰਰਾਸ਼ਟਰੀ ਨੈੱਟਵਰਕ ਬੇਨਕਾਬ

Current Updates

ਡੇਰਾ ਬਿਆਸ ਜਾ ਰਹੀ ਸੰਗਤ ਨੂੰ ਪੇਸ਼ ਆਏ ਹਾਦਸੇ ’ਚ ਤਿੰਨ ਸ਼ਰਧਾਲੂ ਹਲਾਕ, 15 ਜ਼ਖਮੀ

Current Updates

Leave a Comment