ਨਵੀਂ ਦਿੱਲੀ- ਕੌਕੋਰੇਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਅੱਜ ਸ਼ਾਮ 5 ਵਜੇ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿਖੇ ਉਲੀਕੇ ਗਏ ‘ਲਹਿਰਾ ਦੋ ਤਿਰੰਗਾ’ ਪ੍ਰੋਗਰਾਮ ਤੋਂ ਪਹਿਲਾਂ ਦਿੱਲੀ ਪੁਲੀਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਪੁਲੀਸ ਕਰਮਚਾਰੀਆਂ ਨੇ ਦੀਪਕੇ ਦੀ ਰਿਹਾਇਸ਼ ’ਤੇ ਪਹੁੰਚ ਕੇ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਰੋਕ ਦਿੱਤਾ, ਜਦੋਂਕਿ ਪਾਰਟੀ ਨੇ ਸਮਰਥਕਾਂ ਨੂੰ ਕੌਮੀ ਝੰਡੇ ਸਮੇਤ ਸੈਂਟਰਲ ਪਾਰਕ ਵਿੱਚ ਇਕੱਠੇ ਹੋਣ ਦਾ ਸੱਦਾ ਦਿੱਤਾ ਹੋਇਆ ਸੀ।
ਦਿੱਲੀ ਪੁਲੀਸ ਨੇ ਦੀਪਕੇ ਨੂੰ ਕਾਨੂੰਨੀ ਨੋਟਿਸ ਅਤੇ ਦਸਤਾਵੇਜ਼ ਸੌਂਪਦਿਆਂ ਉਨ੍ਹਾਂ ਤੋਂ ਲਿਖਤੀ ਐਲਾਨਨਾਮਾ ਮੰਗਿਆ। ਇਸ ਕਾਰਵਾਈ ਦਾ ਵਿਰੋਧ ਕਰਦਿਆਂ ਦੀਪਕੇ ਨੇ ਪੁਲੀਸ ਮੁਲਾਜ਼ਮਾਂ ਨੂੰ ਸਵਾਲ ਕੀਤਾ, “ਕੀ ਇਹ ਸਭ ਮੈਨੂੰ ਸਾਡਾ ਕੌਮੀ ਝੰਡਾ ਚੁੱਕਣ ਤੋਂ ਰੋਕਣ ਲਈ ਕੀਤਾ ਜਾ ਰਹਾ ਹੈ? ਕੀ ਆਪਣੇ ਦੇਸ਼ ਦਾ ਝੰਡਾ ਲਹਿਰਾਉਣਾ ਕੋਈ ਅਪਰਾਧ ਹੈ?” ਉਨ੍ਹਾਂ ਅੱਗੇ ਦੱਸਿਆ ਕਿ ਪੁਲੀਸ ਵੱਲੋਂ ਦਿੱਤੇ ਗਏ ਨੋਟਿਸਾਂ ਵਿੱਚ ਲਿਖਿਆ ਗਿਆ ਹੈ ਕਿ ਉਹ ਜੰਤਰ-ਮੰਤਰ ਜਾਣ ਦੀ ਯੋਜਨਾ ਬਣਾ ਰਹੇ ਹਨ।
ਪੁਲੀਸ ਦੀ ਇਹ ਕਾਰਵਾਈ ਦੀਪਕੇ ਵੱਲੋਂ ਦਿੱਤੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਮੁਹਿੰਮ ਨੂੰ ‘ਸੱਤਾ ਬਦਲਣ’ (regime change) ਦੇ ਬਿਰਤਾਂਤ ਤੋਂ ਵੱਖ ਕੀਤਾ ਸੀ। ਲੰਘੀ ਰਾਤ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਹ ਸਰਕਾਰ ਬਦਲਣ ਦੀ ਮੰਗ ਨਹੀਂ ਕਰ ਰਹੇ, ਸਗੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਸੀ, “ਅਸੀਂ ਗਾਂਧੀਵਾਦੀ ਤਰੀਕੇ ਨਾਲ ਲੜਾਈ ਲੜ ਰਹੇ ਹਾਂ ਅਤੇ ਸਾਡੀ ਮੰਗ ਸਿਰਫ਼ ਇੰਨੀ ਹੈ ਕਿ ਚੋਣਾਂ ਵਿੱਚ ਧਾਂਦਲੀ ਕਰਨ ਵਾਲੇ ਚੋਣ ਕਮਿਸ਼ਨਰ ਨੂੰ ਹਟਾ ਕੇ ਨਿਰਪੱਖ ਕਮਿਸ਼ਨਰ ਤਾਇਨਾਤ ਕੀਤਾ ਜਾਵੇ।”
ਦੀਪਕੇ ਨੇ ਪੁਲੀਸ ਅਧਿਕਾਰੀਆਂ ਨੂੰ ਇਹ ਵੀ ਕਿਹਾ, “ਕਿਰਪਾ ਕਰਕੇ ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ’ਤੇ ਧਿਆਨ ਦਿਓ, ਜਿੱਥੇ ਉਹ ਬਿਲਕੁਲ ਸੁਰੱਖਿਅਤ ਨਹੀਂ ਹਨ।”ਸੈਂਟਰਲ ਪਾਰਕ ਵਿੱਚ ਪ੍ਰਸਤਾਵਿਤ ਇਸ ਪ੍ਰੋਗਰਾਮ ਦੇ ਮੱਦੇਨਜ਼ਰ ਨਵੀਂ ਦਿੱਲੀ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਕਈ ਪਾਬੰਦੀਆਂ ਆਇਦ ਕੀਤੀਆਂ ਗਈਆਂ ਹਨ। CJP ਵੱਲੋਂ ਚੋਣ ਕਮਿਸ਼ਨ ਦੀ ਜਵਾਬਦੇਹੀ ਅਤੇ ਸੀਈਓ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਕਾਰਨ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ।
