ਹਿਸਾਰ- ਉੱਤਰ ਪੱਛਮੀ ਰੇਲਵੇ ਵੱਲੋਂ ਸ਼ਨਿਚਰਵਾਰ ਲਈ ਦਿੱਲੀ ਜਾਣ ਵਾਲੀਆਂ 13 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਰੇਲ ਗੱਡੀਆਂ ਹਰਿਆਣਾ ਤੋਂ ਚੱਲਦੀਆਂ ਹਨ। ਇਹ ਫ਼ੈਸਲਾ ਦਿੱਲੀ ਦੇ ਜੰਤਰ-ਮੰਤਰ ’ਤੇ ਹੋਣ ਵਾਲੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਲਿਆ ਗਿਆ ਹੈ। ਹਾਲਾਂਕਿ, ਰੇਲਵੇ ਨੇ ਰੇਲ ਗੱਡੀਆਂ ਰੱਦ ਕਰਨ ਪਿੱਛੇ ‘ਪ੍ਰਬੰਧਕੀ ਕਾਰਨ’ ਦੱਸੇ ਹਨ, ਪਰ ਇਹ ਕਦਮ 10 ਅਕਤੂਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਪ੍ਰਦਰਸ਼ਨ ਤੋਂ ਪਹਿਲਾਂ ਚੁੱਕਿਆ ਗਿਆ ਹੈ। ਕੌਕਰੇਚ ਜਨਤਾ ਪਾਰਟੀ ਅਤੇ ਹੋਰ ਜਥੇਬੰਦੀਆਂ ਵੱਲੋਂ ਇਹ ਪ੍ਰਦਰਸ਼ਨ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐੱਸ ਆਈ ਆਰ) ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਲਈ ਸੱਦਿਆ ਗਿਆ ਹੈ।
ਬੀਕਾਨੇਰ ਡਿਵੀਜ਼ਨ ਨੇ 13 ਰੇਲ ਗੱਡੀਆਂ ਰੱਦ ਕਰਨ ਦਾ ਕੀਤਾ ਐਲਾਨ ਉੱਤਰ ਪੱਛਮੀ ਰੇਲਵੇ ਦੇ ਬੀਕਾਨੇਰ ਡਿਵੀਜ਼ਨ ਨੇ ਸ਼ੁੱਕਰਵਾਰ ਨੂੰ ਦਿੱਲੀ ਜਾਣ ਵਾਲੀਆਂ 13 ਰੇਲ ਗੱਡੀਆਂ 10 ਅਕਤੂਬਰ ਲਈ ਰੱਦ ਕਰਨ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਹਰਿਆਣਾ ਵਿੱਚੋਂ ਲੰਘਣ ਵਾਲੀਆਂ ਕਈ ਰੇਲ ਗੱਡੀਆਂ ਸ਼ਾਮਲ ਹਨ। ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਵਿੱਚ ਸਿਰਸਾ-ਤਿਲਕ ਬ੍ਰਿਜ ਹਰਿਆਣਾ ਐਕਸਪ੍ਰੈੱਸ (ਰੇਲ ਗੱਡੀ ਨੰਬਰ 15308) ਸ਼ਾਮਲ ਹੈ। ਇਸੇ ਤਰ੍ਹਾਂ ਤਿਲਕ ਬ੍ਰਿਜ-ਭਿਵਾਨੀ ਐਕਸਪ੍ਰੈੱਸ (ਰੇਲ ਗੱਡੀ ਨੰਬਰ 14738) ਅਤੇ ਭਿਵਾਨੀ-ਤਿਲਕ ਬ੍ਰਿਜ ਐਕਸਪ੍ਰੈੱਸ (ਰੇਲ ਗੱਡੀ ਨੰਬਰ 14737) ਵੀ ਰੱਦ ਰਹਿਣਗੀਆਂ।
ਇਸ ਤੋਂ ਇਲਾਵਾ ਰਿਵਾੜੀ-ਪੁਰਾਣੀ ਦਿੱਲੀ ਪੈਸੰਜਰ (ਰੇਲ ਗੱਡੀ ਨੰਬਰ 54414), ਪੁਰਾਣੀ ਦਿੱਲੀ-ਰਿਵਾੜੀ ਪੈਸੰਜਰ (ਰੇਲ ਗੱਡੀ ਨੰਬਰ 54421), ਹਿਸਾਰ-ਪੁਰਾਣੀ ਦਿੱਲੀ ਪੈਸੰਜਰ (ਰੇਲ ਗੱਡੀ ਨੰਬਰ 54310) ਅਤੇ ਹਿਸਾਰ-ਨਵੀਂ ਦਿੱਲੀ ਪੈਸੰਜਰ (ਰੇਲ ਗੱਡੀ ਨੰਬਰ 54424) ਰੱਦ ਕੀਤੀਆਂ ਗਈਆਂ ਹਨ। ਕੌਕਰੇਚ ਜਨਤਾ ਪਾਰਟੀ ਨੇ ਸਰਕਾਰ ’ਤੇ ਲਾਇਆ ਆਵਾਜਾਈ ਰੋਕਣ ਦਾ ਦੋਸ਼ ਕੌਕਰੇਚ ਜਨਤਾ ਪਾਰਟੀ ਨੇ 10 ਅਕਤੂਬਰ ਨੂੰ ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਪਾਰਟੀ ਦੀ ਮੰਗ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਸਤੀਫ਼ਾ ਦੇਣ।
ਇਸ ਜਥੇਬੰਦੀ ਨੇ ਪਹਿਲਾਂ ਮੁੰਬਈ ਅਤੇ ਬੰਗਲੂਰੂ ਵਿੱਚ ਵੀ ਪ੍ਰਦਰਸ਼ਨ ਕੀਤੇ ਹਨ। ਜਥੇਬੰਦੀ ਨੇ ਦੋਸ਼ ਲਾਇਆ ਹੈ ਕਿ ਸਰਕਾਰ ਜਾਣਬੁੱਝ ਕੇ ਆਵਾਜਾਈ ਸੇਵਾਵਾਂ ’ਤੇ ਪਾਬੰਦੀਆਂ ਲਾ ਰਹੀ ਹੈ, ਤਾਂ ਜੋ ਲੋਕ ਪ੍ਰਦਰਸ਼ਨ ਵਿੱਚ ਸ਼ਾਮਲ ਨਾ ਹੋ ਸਕਣ। ਮੁੰਬਈ ਵਿੱਚ ਜਥੇਬੰਦੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੌਜਵਾਨਾਂ ਤੋਂ ਡਰਦੀ ਹੈ ਤਾਂ ਉਸ ਨੂੰ ਪੂਰੇ ਦੇਸ਼ ਦੀਆਂ ਸੇਵਾਵਾਂ ਹੀ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
