ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਸਿਆਸੀ ਬਿਆਨਬਾਜ਼ੀ ਦੌਰਾਨ ਦਸਤਾਰ ਦੀ ਸ਼ਾਨ ਨੂੰ ਲੈ ਕੇ ਇੱਕ ਨਵਾਂ ਵਿਵਾਦ ਛਿੜ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪੰਜਾਬ ਦੌਰਿਆਂ ਦੌਰਾਨ ਪਹਿਨੀ ਜਾਂਦੀ ਦਸਤਾਰ ‘ਤੇ ਤਨਜ਼ ਕੱਸਦਿਆਂ ਉਸ ਨੂੰ ‘ਨਕਲੀ ਪੱਗ’ ਕਰਾਰ ਦਿੱਤਾ ਗਿਆ ਸੀ, ਜਿਸ ‘ਤੇ ਪਲਟਵਾਰ ਕਰਦਿਆਂ ਨਾਇਬ ਸਿੰਘ ਸੈਣੀ ਨੇ ਇਸ ਬਿਆਨ ਨੂੰ ਬਹੁਤ ਅਫ਼ਸੋਸਜਨਕ ਅਤੇ ਗੁਰੂਆਂ ਦਾ ਅਪਮਾਨ ਦੱਸਿਆ ਹੈ।
ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਸਤਾਰ ਕਿਸੇ ਵੀ ਮੁੱਖ ਮੰਤਰੀ ਜਾਂ ਅਹੁਦੇ ਨਾਲੋਂ ਕਿਤੇ ਵੱਡੀ ਹੈ। ਉਨ੍ਹਾਂ ਕਿਹਾ ਕਿ ਪੱਗ ਸਾਡੇ ਲਈ ਕੇਵਲ ਕੱਪੜੇ ਦਾ ਟੁਕੜਾ ਨਹੀਂ, ਸਗੋਂ ਇਹ ਗੁਰੂਆਂ ਵੱਲੋਂ ਬਖ਼ਸ਼ੀ ਗਈ ਮਹਾਨ ਪਰੰਪਰਾ, ਸ਼ਰਧਾ, ਆਸਥਾ ਅਤੇ ਸਤਿਕਾਰ ਦਾ ਪ੍ਰਤੀਕ ਹੈ। ਉਨ੍ਹਾਂ ਆਖਿਆ ਕਿ ਰਾਜਨੀਤੀ ਵਿੱਚ ਇੱਕ-ਦੂਜੇ ਦੇ ਨੀਤੀਗਤ ਫੈਸਲਿਆਂ ਜਾਂ ਕੱਪੜਿਆਂ ‘ਤੇ ਸਵਾਲ ਚੁੱਕੇ ਜਾ ਸਕਦੇ ਹਨ, ਪਰ ਦਸਤਾਰ ਦੀ ਸ਼ਾਨ ‘ਤੇ ਸਵਾਲ ਖੜ੍ਹੇ ਕਰਨਾ ਬਿਲਕੁਲ ਗਲਤ ਹੈ।
ਸੀਐੱਮ ਸੈਣੀ ਨੇ ਭਗਵੰਤ ਮਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਆਪਣੇ ਬੋਲਾਂ ਲਈ ਪੰਜਾਬ ਦੇ ਲੋਕਾਂ ਅਤੇ ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ, ਕਿਉਂਕਿ ਉਨ੍ਹਾਂ ਦੀ ਟਿੱਪਣੀ ਨਾਲ ਪੰਜਾਬੀਆਂ ਅਤੇ ਗੁਰੂ ਘਰ ਨਾਲ ਜੁੜੇ ਸ਼ਰਧਾਲੂਆਂ ਦੀਆਂ ਹਿਰਦੇ-ਵੇਦਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚੱਲ ਕੇ ਸੇਵਾ ਨਿਭਾ ਰਹੀ ਹੈ। ਦੋਵਾਂ ਮੁੱਖ ਮੰਤਰੀਆਂ ਵਿਚਾਲੇ ਹੋਈ ਇਸ ਜ਼ੁਬਾਨੀ ਜੰਗ ਤੋਂ ਬਾਅਦ ਦੋਵਾਂ ਰਾਜਾਂ ਦੇ ਰਾਜਨੀਤਿਕ ਗਲਿਆਰਿਆਂ ‘ਚ ਬਹਿਸ ਹੋਰ ਤੇਜ਼ ਹੋ ਗਈ ਹੈ।
