ਨਵੀਂ ਦਿੱਲੀ- ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨੀ ਚਾਰਜ ਡੀ’ਅਫੇਅਰਜ਼ (ਸੀ ਡੀ ਏ) ਨੂੰ ਤਲਬ ਕੀਤਾ ਅਤੇ ਅਰਬ ਸਾਗਰ ਵਿੱਚ ਪਾਕਿਸਤਾਨੀ ਜਲ ਸੈਨਾ ਦੇ ਇੱਕ ਜਹਾਜ਼ ਵੱਲੋਂ “ਅਸਵੀਕਾਰਯੋਗ ਵਿਵਹਾਰ” ਵਿਰੁੱਧ ਸਖ਼ਤ ਵਿਰੋਧ ਦਰਜ ਕਰਵਾਇਆ, ਜਿਸ ਕਾਰਨ ਭਾਰਤੀ ਜਲ ਸੈਨਾ ਦੇ ਇੱਕ ਵੱਡੇ ਜੰਗੀ ਬੇੜੇ ਨਾਲ ਉਸ ਦੀ ਟੱਕਰ ਹੋ ਗਈ ਸੀ। ਵਿਦੇਸ਼ ਮੰਤਰਾਲੇ (MEA) ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ’ਅਫੇਅਰਜ਼, ਸਾਦ ਵੜੈਚ ਨੂੰ ਵਿਦੇਸ਼ ਮੰਤਰਾਲੇ ਵਿੱਚ ਤਲਬ ਕੀਤਾ ਗਿਆ ਅਤੇ “ਸਮੁੰਦਰ ਵਿੱਚ ਪਾਕਿਸਤਾਨੀ ਜਲ ਸੈਨਾ ਇਕਾਈਆਂ ਦੇ ਅਸਵੀਕਾਰਯੋਗ ਅਤੇ ਗੈਰ-ਪੇਸ਼ੇਵਰ ਵਿਹਾਰ ‘ਤੇ ਉਨ੍ਹਾਂ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ, ਜਿਸ ਕਾਰਨ ਬੀਤੀ ਰਾਤ ਟੱਕਰ ਹੋਈ।”
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਜਹਾਜ਼ ‘ਹੁਨੈਨ’ ਨੇ ਗੈਰ-ਪੇਸ਼ੇਵਰ ਅਤੇ ਅਸੁਰੱਖਿਅਤ ਤਰੀਕੇ ਨਾਲ ਮੋੜ ਕੱਟਿਆ (ਅੱਗੇ ਵਧਿਆ), ਜਿਸ ਕਾਰਨ ਇਹ ਟੱਕਰ ਹੋ ਗਈ। ਸੂਤਰਾਂ ਨੇ ਦੱਸਿਆ ਕਿ ‘ਹੁਨੈਨ’ ਇੱਕ ਆਫਸ਼ੋਰ ਪੈਟਰੋਲ ਵੈਸਲ (ਤੱਟਵਰਤੀ ਗਸ਼ਤ ਕਰਨ ਵਾਲਾ ਜਹਾਜ਼) ਹੈ ਅਤੇ ਇਸ ਘਟਨਾ ਵਿੱਚ ਇਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸਲਾਮਾਬਾਦ ਵਿੱਚ ਭਾਰਤੀ ਚਾਰਜ ਡੀ’ਅਫੇਅਰਜ਼ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਕੋਲ ਵੀ ਅਜਿਹਾ ਹੀ ਵਿਰੋਧ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੰਤਰਾਲੇ ਨੇ ਕਿਹਾ, “ਹਾਲਾਂਕਿ ਕੌਮਾਂਤਰੀ ਜਲ ਖੇਤਰ ਵਿੱਚ ਵਾਪਰੀ ਇਸ ਘਟਨਾ ਨਾਲ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਾਇਆ, ਪਰ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦਾ ਆਚਰਣ ਅਪਰੈਲ 1991 ਵਿੱਚ ਦਸਤਖਤ ਕੀਤੇ ਗਏ ਫੌਜੀ ਅਭਿਆਸਾਂ ਅਤੇ ਫੌਜਾਂ ਦੀਆਂ ਗਤੀਵਿਧੀਆਂ ਦੀ ਅਗਾਊਂ ਸੂਚਨਾ ‘ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮਝੌਤੇ ਦੀ ਧਾਰਾ 10 ਦੀ ਸਿੱਧੀ ਉਲੰਘਣਾ ਸੀ।” ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਸੀ ਡੀ ਏ ਨੂੰ “ਸੰਬੰਧਿਤ ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਸੁਨੇਹਾ ਦੇਣ ਦੀ ਸਲਾਹ ਦਿੱਤੀ ਗਈ ਕਿ ਅਜਿਹੀਆਂ ਘਟਨਾਵਾਂ ਦੇ ਦੁਹਰਾਅ ਨੂੰ ਰੋਕਣ ਲਈ ਸਾਰੀਆਂ ਫੌਜੀ ਇਕਾਈਆਂ ਪੂਰੀ ਸਾਵਧਾਨੀ ਵਰਤਣ ਅਤੇ ਦੋਵਾਂ ਧਿਰਾਂ ਵਿਚਕਾਰ ਹੋਏ ਸੰਬੰਧਿਤ ਸਮਝੌਤਿਆਂ ਦੇ ਨਿਯਮਾਂ ਦਾ ਸਤਿਕਾਰ ਕਰਨ।”
