ਤਰਨ ਤਾਰਨ- ਤਰਨ ਤਾਰਨ ਪੁਲੀਸ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਆਪਣੇ ਹੀ ਵਿਭਾਗ ਦੇ ਦੋ ਥਾਣਾ ਮੁਖੀਆਂ ਅਤੇ ਦੋ ਵਿਚੋਲਿਆਂ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਮਾਮਲਿਆਂ ਵਿੱਚ ਇੱਕ ਮੁਲਜ਼ਮ ਨੂੰ ਤਫ਼ਤੀਸ਼ ਦੌਰਾਨ ਕਥਿਤ ਤੌਰ ’ਤੇ ਨਾਜਾਇਜ਼ ਲਾਭ ਪਹੁੰਚਾਉਣ ਬਦਲੇ ਵਿਚੋਲਿਆਂ ਰਾਹੀਂ ਕੁੱਲ ਸੱਤ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਸਾਹਮਣੇ ਆਏ ਹਨ। ਇਸ ਮਾਮਲੇ ਵਿੱਚ ਥਾਣਾ ਕੱਚਾ ਪੱਕਾ ਦੇ ਐੱਸ ਐੱਚ ਓ ਐੱਸ ਆਈ ਕਿਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਥਾਣਾ ਵਲਟੋਹਾ ਦੇ ਐੱਸ ਐੱਚ ਓ ਐੱਸ ਆਈ ਬਲਜਿੰਦਰ ਸਿੰਘ ਸਮੇਤ ਤਿੰਨ ਮੁਲਜ਼ਮ ਫ਼ਰਾਰ ਹਨ। ਐੱਸ ਐੱਸ ਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਪੁਲੀਸ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਕਿਸੇ ਵੀ ਪੁਲੀਸ ਮੁਲਾਜ਼ਮ ਵੱਲੋਂ ਅਹੁਦੇ ਦੀ ਦੁਰਵਰਤੋਂ ਜਾਂ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਰੌਬਿਨ ਸਿੰਘ ਵਾਸੀ ਮਾੜੀ ਮੇਘਾ ਅਤੇ ਪੂਰਨ ਸਿੰਘ ਵਾਸੀ ਦਾਓਕੇ ’ਤੇ ਕਥਿਤ ਤੌਰ ’ਤੇ ਵਿਚੋਲਿਆਂ ਦੀ ਭੂਮਿਕਾ ਨਿਭਾਉਣ ਦੇ ਦੋਸ਼ ਹਨ। ਐੱਸਐੱਸਪੀ ਅਨੁਸਾਰ ਮਾਮਲੇ ਦੀ ਜਾਂਚ ਡੀਐੱਸਪੀ ਸਬ-ਡਵੀਜ਼ਨ ਭਿੱਖੀਵਿੰਡ ਅਤੁਲ ਸੋਨੀ ਕਰ ਰਹੇ ਹਨ। ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਵੱਲੋਂ ਕਾਰਵਾਈ ਜਾਰੀ ਹੈ। ਮਾਮਲੇ ਦੀ ਜਾਂਚ ਜਾਰੀ; ਹਰ ਤੱਥ ਹੀ ਹੋਵੇਗੀ ਜਾਂਚ ਉਧਰ ਡੀਐੱਸਪੀ ਅਤੁਲ ਸੋਨੀ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਅਤੇ ਪੂਰੀ ਨਿਰਪੱਖਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਮਾਮਲੇ ਨਾਲ ਸਬੰਧਤ ਹਰੇਕ ਤੱਥ ਨੂੰ ਬਰੀਕੀ ਨਾਲ ਵਾਚਿਆ ਜਾ ਰਿਹਾ ਹੈ।
