ਮੁੰਬਈ- ਬਿੱਗ ਬੌਸ ਦੇਖਣ ਵਾਲਿਆਂ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਕਈ ਹਫ਼ਤਿਆਂ ਦੀਆਂ ਕਿਆਸਅਰਾਈਆਂ, ਸੋਸ਼ਲ ਮੀਡੀਆ ’ਤੇ ਚਰਚਾਵਾਂ ਅਤੇ ਆਕਰਸ਼ਕ ਪ੍ਰੋਮੋਜ਼ ਤੋਂ ਬਾਅਦ ‘ਬਿੱਗ ਬੌਸ 20’ ਅੱਜ ਐਤਵਾਰ, 6 ਸਤੰਬਰ ਨੂੰ ਧਮਾਕੇਦਾਰ ਐਂਟਰੀ ਕਰਨ ਜਾ ਰਿਹਾ ਹੈ। ਸੁਪਰਸਟਾਰ ਸਲਮਾਨ ਖਾਨ ਇੱਕ ਵਾਰ ਫਿਰ ਇਸ ਸ਼ੋਅ ਦੇ ਹੋਸਟ ਵਜੋਂ ਵਾਪਸ ਪਰਤ ਆਏ ਹਨ। ਇਸ ਸੀਜ਼ਨ ਵਿੱਚ ਨਾ ਸਿਰਫ਼ ਨਵਾਂ ਥੀਮ ਰੱਖਿਆ ਗਿਆ ਹੈ, ਸਗੋਂ ਖੇਡ ਵਿੱਚ ਇੱਕ ਅਜਿਹਾ ਵੱਡਾ ਟਵਿੱਸਟ ਵੀ ਸ਼ਾਮਲ ਕੀਤਾ ਗਿਆ ਹੈ ਜੋ ਪੂਰੀ ਖੇਡ ਨੂੰ ਬਦਲ ਕੇ ਰੱਖ ਸਕਦਾ ਹੈ।
ਦਰਸ਼ਕ ਇਸ ਸ਼ੋਅ ਦੇ ਗ੍ਰਾਂਡ ਪ੍ਰੀਮੀਅਰ ਨੂੰ ਰਾਤ 9 ਵਜੇ ਜੀਓ ਹੌਟ ਸਟਾਰ (JioHotstar) ’ਤੇ ਆਨਲਾਈਨ ਦੇਖ ਸਕਦੇ ਹਨ। ਪਿਛਲੇ ਸਾਲ ਵਾਂਗ ਇਸ ਵਾਰ ਵੀ ਓ.ਟੀ.ਟੀ.-ਫਸਟ (OTT-first) ਫਾਰਮੈਟ ਨੂੰ ਅਪਣਾਇਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਸ਼ੋਅ ਪਹਿਲਾਂ ਡਿਜੀਟਲ ਪਲੇਟਫਾਰਮ ’ਤੇ ਸਟਰੀਮ ਹੋਵੇਗਾ ਅਤੇ ਉਸ ਤੋਂ ਬਾਅਦ ਰਾਤ 10:30 ਵਜੇ ਕਲਰਜ਼ ਟੀਵੀ (Colors TV) ’ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸਾਲ ਸ਼ੋਅ ਦਾ ਮੁੱਖ ਥੀਮ ‘ਵਰਦਾਨ’ ਹੈ, ਜਿਸ ਵਿੱਚ ਮੇਕਰਜ਼ ਨੇ “ਐਕਸਟ੍ਰਾ ਜੀਵਨ ਦਾਨ” (extra jeevan daan) ਦਾ ਸੰਕਲਪ ਪੇਸ਼ ਕੀਤਾ ਹੈ। ਸਲਮਾਨ ਖਾਨ ਨੇ ਆਪਣੇ ਖਾਸ ਅੰਦਾਜ਼ ਵਿੱਚ ਪ੍ਰੋਮੋ ਵਿੱਚ ਇਹ ਸੰਕੇਤ ਦਿੱਤਾ ਹੈ ਕਿ ਇਹ ਟਵਿੱਸਟ ਉਮੀਦ ਨਾਲੋਂ ਕਾਫੀ ਵੱਖਰਾ ਅਤੇ ਮੁਸ਼ਕਲ ਹੋਵੇਗਾ, ਜਿਸ ਬਾਰੇ ਪ੍ਰਤੀਯੋਗੀਆਂ ਨੂੰ ਘਰ ਦੇ ਅੰਦਰ ਜਾ ਕੇ ਹੀ ਪਤਾ ਲੱਗੇਗਾ।
ਕਈ ਪ੍ਰਤੀਯੋਗੀਆਂ ਦੇ ਨਾਵਾਂ ਦੀ ਚਰਚਾ- ਹਾਲਾਂਕਿ ਸ਼ੋਅ ਦੇ ਨਿਰਮਾਤਾਵਾਂ ਨੇ ਸਾਰੇ ਪ੍ਰਤੀਯੋਗੀਆਂ ਦੀ ਅੰਤਿਮ ਸੂਚੀ ਨੂੰ ਅਜੇ ਤੱਕ ਪੂਰੀ ਤਰ੍ਹਾਂ ਗੁਪਤ ਰੱਖਿਆ ਹੈ, ਪਰ ਪ੍ਰੋਮੋਜ਼ ਅਤੇ ਮੀਡੀਆ ਰਿਪੋਰਟਾਂ ਨੇ ਕੁਝ ਖਾਸ ਚਿਹਰਿਆਂ ਤੋਂ ਪਰਦਾ ਚੁੱਕ ਦਿੱਤਾ ਹੈ। ਚਰਚਾ ਹੈ ਕਿ ਅਦਾਕਾਰਾ ਈਸ਼ਾ ਰਿਖੀ ਇਸ ਵਾਰ ਨਜ਼ਰ ਆ ਸਕਦੀ ਹੈ। ਇਸ ਤੋਂ ਇਲਾਵਾ, ਇੱਕ ਹੋਰ ਪ੍ਰੋਮੋ ਵਿੱਚ ਅਦਾਕਾਰ ਅਤੇ ਸਿਆਸਤਦਾਨ ਮਨੋਜ ਤਿਵਾੜੀ ਦੀ ਧੀ ਰਿਤੀ ਤਿਵਾੜੀ ਦੇ ਵੀ ਬਤੌਰ ਪ੍ਰਤੀਯੋਗੀ ਐਂਟਰੀ ਕਰਨ ਦਾ ਖੁਲਾਸਾ ਹੋਇਆ ਹੈ। ਸ਼ੋਅ ਦੇ ਸ਼ੁਰੂ ਹੋਣ ਦੇ ਨਾਲ ਹੀ ਹੋਰ ਵੀ ਕਈ ਜਾਣੇ ਪਛਾਣੇ ਚਿਹਰੇ ਸਾਹਮਣੇ ਆਉਣ ਦੀ ਉਮੀਦ ਹੈ।
