September 17, 2026
ਖਾਸ ਖ਼ਬਰਪੰਜਾਬਰਾਸ਼ਟਰੀ

ਭਗਤ ਸਿੰਘ ਦੇ ‘ਇਨਕਲਾਬੀ ਗੁਰੂ’ ਦੀ ਯਾਦ ’ਚ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਐਲਾਨ, ਸ਼ੁਰੂ ਕੀਤਾ ਇਹ ਖ਼ਾਸ ਐਵਾਰਡ

ਭਗਤ ਸਿੰਘ ਦੇ ‘ਇਨਕਲਾਬੀ ਗੁਰੂ’ ਦੀ ਯਾਦ ’ਚ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਐਲਾਨ, ਸ਼ੁਰੂ ਕੀਤਾ ਇਹ ਖ਼ਾਸ ਐਵਾਰਡ

ਪਟਿਆਲਾ-  ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਗੁਰੂ ਅਤੇ ਨੈਸ਼ਨਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਰਹੇ ਆਜ਼ਾਦੀ ਘੁਲਾਟੀਏ ਪ੍ਰਿੰਸੀਪਲ ਛਬੀਲ ਦਾਸ ਦੀ ਯਾਦ ਵਿੱਚ ਇੱਕ ਵਿਸ਼ੇਸ਼ ਖੋਜ ਐਵਾਰਡ ਸਥਾਪਿਤ ਕੀਤਾ ਗਿਆ ਹੈ। ਪ੍ਰਿੰਸੀਪਲ ਛਬੀਲ ਦਾਸ ਨੈਸ਼ਨਲ ਕਾਲਜ ਲਾਹੌਰ ਵਿੱਚ ਭਗਤ ਸਿੰਘ ਦੇ ਅਧਿਆਪਕ ਅਤੇ ਪ੍ਰਿੰਸੀਪਲ ਸਨ, ਜਿੱਥੋਂ ਭਗਤ ਸਿੰਘ ਨੇ 1923 ਵਿੱਚ ਆਪਣੀ ਐੱਫ਼.ਏ. (F.A.) ਦੀ ਪੜ੍ਹਾਈ ਪੂਰੀ ਕੀਤੀ ਸੀ। ਇਸ ਤੋਂ ਬਾਅਦ 1924 ਵਿੱਚ ਉਹ ਪੂਰਨ ਤੌਰ ’ਤੇ ਇਨਕਲਾਬੀ ਗਤੀਵਿਧੀਆਂ ਵਿੱਚ ਕੁੱਦ ਪਏ ਅਤੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ (HRA) ਵਿੱਚ ਸ਼ਾਮਲ ਹੋ ਗਏ, ਜਿਸ ਨੂੰ 1928 ਵਿੱਚ ਭਗਤ ਸਿੰਘ ਦੀ ਪਹਿਲਕਦਮੀ ’ਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਬਣਾਇਆ ਗਿਆ ਸੀ।

ਐੱਚ.ਐੱਸ.ਆਰ.ਏ. ਨੂੰ ਪੰਜਾਬ ਦੇ ਸਭ ਤੋਂ ਵੱਡੇ ਰਾਸ਼ਟਰਵਾਦੀ ਆਗੂ ਲਾਲਾ ਲਾਜਪਤ ਰਾਏ ’ਤੇ ਲਾਠੀਚਾਰਜ ਦਾ ਬਦਲਾ ਲੈਣ ਲਈ ਅੰਗਰੇਜ਼ ਅਫ਼ਸਰ ਸਾਡਰਸ ਨੂੰ ਗੋਲੀ ਮਾਰਨ ਅਤੇ ਬੋਲ਼ੀ ਅੰਗਰੇਜ਼ ਹਕੂਮਤ ਦੇ ਕੰਨ ਖੋਲ੍ਹਣ ਲਈ ਦਿੱਲੀ ਦੀ ਸੈਂਟਰਲ ਅਸੈਂਬਲੀ ਵਿੱਚ ਧਮਾਕਾ ਕਰਨ ਲਈ ਜਾਣਿਆ ਜਾਂਦਾ ਹੈ। ਪ੍ਰਿੰਸੀਪਲ ਛਬੀਲ ਦਾਸ ਨੇ ਆਪਣੇ ਵਿਦਿਆਰਥੀਆਂ: ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਵੋਹਰਾ ਅਤੇ ਰਾਮਚੰਦ ਨਾਲ ਮਿਲ ਕੇ ਲਾਹੌਰ ਵਿਖੇ ‘ਨੌਜਵਾਨ ਭਾਰਤ ਸਭਾ’ (NBS) ਦੀ ਨੀਂਹ ਵੀ ਰੱਖੀ ਸੀ।

1947 ਦੀ ਵੰਡ ਤੋਂ ਬਾਅਦ ਪ੍ਰਿੰਸੀਪਲ ਛਬੀਲ ਦਾਸ ਅਤੇ ਉਨ੍ਹਾਂ ਦੀ ਪਤਨੀ ਸੀਤਾ ਦੇਵੀ ਜਲੰਧਰ ਆ ਵਸੇ ਸਨ। ਅੰਗਰੇਜ਼ੀ ਦੇ ਪ੍ਰੋਫੈਸਰ ਹੁੰਦਿਆਂ ਵੀ ਉਹ ਉਰਦੂ ਦੇ ਮਕਬੂਲ ਲੇਖਕ ਸਨ। ਉਨ੍ਹਾਂ ਦੀ ਪਤਨੀ ਸੀਤਾ ਦੇਵੀ ਇੱਕ ਮਜ਼ਦੂਰ ਆਗੂ ਵਜੋਂ ਐੱਮ.ਪੀ. ਰਹੇ ਅਤੇ ਉਨ੍ਹਾਂ ਦੀ ਧੀ ਮਨੋਰਮਾ ਦੀਵਾਨ ਨੇ ਹਿੰਦੀ ਵਿੱਚ ਆਜ਼ਾਦੀ ਸੰਗਰਾਮ ’ਤੇ ਕਈ ਪੁਸਤਕਾਂ ਲਿਖੀਆਂ।
ਐਵਾਰਡ ਦੀ ਰੂਪ-ਰੇਖਾ ਅਤੇ ਯੋਗਦਾਨ- ਇਸ ਐਵਾਰਡ ਦੀ ਸ਼ੁਰੂਆਤ ਪ੍ਰਿੰਸੀਪਲ ਛਬੀਲ ਦਾਸ ਦੀ ਦੋਹਤੀ ਤੇ ਅੰਗਰੇਜ਼ੀ ਦੀ ਲੇਖਿਕਾ ਸਬਾ ਦੀਵਾਨ ਅਤੇ ਜੇ.ਐੱਨ.ਯੂ. ਦੇ ਸੇਵਾਮੁਕਤ ਪ੍ਰੋਫ਼ੈਸਰ ਤੇ ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਚਮਨ ਲਾਲ ਵੱਲੋਂ ਦਿੱਤੇ ਗਏ ਐਂਡੋਮੈਂਟ ਫੰਡ ਨਾਲ ਕੀਤੀ ਗਈ ਹੈ। ਇਸ ਐਵਾਰਡ ਤਹਿਤ 5,000 ਰੁਪਏ ਦੀ ਨਕਦ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਇਹ ਪੁਰਸਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਸ ਨੌਜਵਾਨ ਖੋਜਾਰਥੀ ਨੂੰ ਮਿਲੇਗਾ, ਜੋ ਪੰਜਾਬੀ ਭਾਸ਼ਾ ਵਿੱਚ ਭਗਤ ਸਿੰਘ, ਉਨ੍ਹਾਂ ਦੇ ਇਨਕਲਾਬੀ ਸਾਥੀਆਂ ਜਾਂ ਭਾਰਤੀ ਆਜ਼ਾਦੀ ਸੰਗਰਾਮ ਦੇ ਕਿਸੇ ਵੀ ਪਹਿਲੂ ’ਤੇ ਕੋਈ ਪੁਸਤਕ, ਖੋਜ ਪੱਤਰ ਲਿਖੇਗਾ ਜਾਂ ਪ੍ਰਕਾਸ਼ਿਤ ਕਰੇਗਾ।

ਪਹਿਲਾ ਐਵਾਰਡ ਇਸੇ ਸਾਲ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ (28 ਸਤੰਬਰ 2026) ਦੇ ਆਸ-ਪਾਸ ਦਿੱਤਾ ਜਾਵੇਗਾ। ਦੋਵਾਂ ਦਾਨੀਆਂ ਨੇ ਇਸ ਉਪਰਾਲੇ ਨੂੰ ਨੇਪਰੇ ਚਾੜ੍ਹਨ ਲਈ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਉਨ੍ਹਾਂ ਦੀ ਅਕਾਦਮਿਕ ਟੀਮ ਦਾ ਧੰਨਵਾਦ ਕੀਤਾ ਹੈ।

Related posts

ਬਿਡੇਨ ਨੂੰ ਪੀ.ਐੱਮ ਮੋਦੀ ਤੋਂ ਮਿਲਿਆ 20,000 ਡਾਲਰ ਦਾ ਹੀਰਾ, 2023 ਦਾ ਸਭ ਤੋਂ ਮਹਿੰਗਾ ਤੋਹਫ਼ਾ

Current Updates

ਚਾਈਨਾ ਡੋਰ ਦੀ ਵਰਤੋਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ

Current Updates

ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 591, ਨਿਫਟੀ 202 ਅੰਕ ਖਿਸਕਿਆ

Current Updates

Leave a Comment