September 13, 2026
ਖਾਸ ਖ਼ਬਰਪੰਜਾਬਰਾਸ਼ਟਰੀ

ਛੱਪੜ ਵਿੱਚ ਰਾਤਾਂ ਕੱਟਣ ਲਈ ਮਜਬੂਰ 70 ਸਾਲਾਂ ਮਾਂ.. ਔਲਾਦ ਨੇ ਛੱਡਿਆ, ਹੁਣ ਟੈਂਟ ’ਚ ਬਿਤਾ ਰਹੀ ਜ਼ਿੰਦਗੀ

ਛੱਪੜ ਵਿੱਚ ਰਾਤਾਂ ਕੱਟਣ ਲਈ ਮਜਬੂਰ 70 ਸਾਲਾਂ ਮਾਂ.. ਔਲਾਦ ਨੇ ਛੱਡਿਆ, ਹੁਣ ਟੈਂਟ ’ਚ ਬਿਤਾ ਰਹੀ ਜ਼ਿੰਦਗੀ

ਭਿੱਖੀਵਿੰਡ-  ਉਮਰ ਦੇ ਆਖ਼ਰੀ ਪੜਾਅ ਵਿੱਚ ਜਿੱਥੇ ਹਰ ਬਜ਼ੁਰਗ ਨੂੰ ਸੁਰੱਖਿਅਤ ਛੱਤ ਅਤੇ ਸਹਾਰੇ ਦੀ ਲੋੜ ਹੁੰਦੀ ਹੈ, ਉੱਥੇ ਹੀ ਹਲਕਾ ਖੇਮਕਰਨ ਦੇ ਪਿੰਡ ਮਰਗਿੰਦਪੁਰਾ ਦੀ ਕਰੀਬ 70 ਸਾਲਾਂ ਬਜ਼ੁਰਗ ਮਹਿਲਾ ਰਣਜੀਤ ਕੌਰ ਅੱਜ ਵੀ ਛੱਪੜ ਦੇ ਕਿਨਾਰੇ ਤੰਬੂ ਹੇਠਾਂ ਰਹਿਣ ਲਈ ਮਜਬੂਰ ਹੈ। ਪਤੀ ਦੀ ਮੌਤ ਅਤੇ ਪਰਿਵਾਰਕ ਸਹਾਰੇ ਤੋਂ ਵਾਂਝੀ ਹੋ ਚੁੱਕੀ ਇਸ ਬਜ਼ੁਰਗ ਮਾਤਾ ਨੇ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਸੇਵੀ ਦਾਨੀ ਸੱਜਣਾਂ ਕੋਲ ਆਪਣੇ ਸਿਰ ‘ਤੇ ਇੱਕ ਪੱਕੀ ਛੱਤ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਰਣਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਪੁੱਤਰ ਅਤੇ ਧੀ ਵੀ ਵਿਆਹ ਤੋਂ ਪਿੱਛੋਂ ਉਸ ਨੂੰ ਇਕੱਲਾ ਛੱਡ ਗਏ। ਕੋਈ ਸਹਾਰਾ ਨਾ ਮਿਲਣ ਕਾਰਨ ਉਹ ਆਪਣੇ ਸਹੁਰੇ ਪਿੰਡ ਨੂੰ ਛੱਡ ਕੇ ਆਪਣੇ ਪੇਕੇ ਪਿੰਡ ਮਰਗਿੰਦਪੁਰਾ ਆ ਗਈ, ਪਰ ਇੱਥੇ ਵੀ ਉਸ ਨੂੰ ਪੱਕਾ ਘਰ ਨਸੀਬ ਨਹੀਂ ਹੋ ਸਕਿਆ। ਇਸ ਵੇਲੇ ਉਹ ਪਿੰਡ ਦੇ ਛੱਪੜ ਕੋਲ ਲੱਗੇ ਇੱਕ ਅਸਥਾਈ ਤੰਬੂ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ।

ਬਜ਼ੁਰਗ ਮਾਤਾ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਤੰਬੂ ਹੇਠਾਂ ਰਹਿਣਾ ਬੇਹੱਦ ਔਖਾ ਹੋ ਜਾਂਦਾ ਹੈ। ਮੀਂਹ ਪੈਣ ਸਮੇਂ ਤੰਬੂ ਵਿੱਚ ਪਾਣੀ ਭਰ ਜਾਂਦਾ ਹੈ, ਜਦਕਿ ਛੱਪੜ ਦੇ ਨੇੜੇ ਹੋਣ ਕਾਰਨ ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵ-ਜੰਤੂਆਂ ਦਾ ਵੀ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹਰ ਰਾਤ ਡਰ ਅਤੇ ਅਸੁਰੱਖਿਆ ਵਿੱਚ ਲੰਘਦੀ ਹੈ। ਉਨ੍ਹਾਂ ਦੀ ਸਿਰਫ਼ ਇਹੀ ਇੱਛਾ ਹੈ ਕਿ ਕੋਈ ਉਨ੍ਹਾਂ ਲਈ ਇੱਕ ਛੋਟਾ ਜਿਹਾ ਪੱਕਾ ਕਮਰਾ ਬਣਵਾ ਦੇਵੇ ਤਾਂ ਜੋ ਉਹ ਆਪਣੀ ਬਾਕੀ ਜ਼ਿੰਦਗੀ ਇੱਜ਼ਤ ਅਤੇ ਸੁਰੱਖਿਆ ਨਾਲ ਬਿਤਾ ਸਕਣ।

ਇਸ ਮੌਕੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਰਣਜੀਤ ਕੌਰ ਨੂੰ ਰਹਿਣ ਲਈ ਪੰਚਾਇਤੀ ਜ਼ਮੀਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪਿੰਡ ਵਿੱਚ 25 ਪੱਕੇ ਮਕਾਨਾਂ ਲਈ ਗਰਾਂਟ ਪ੍ਰਾਪਤ ਹੋਈ ਹੈ, ਪਰ ਨਿਰਧਾਰਿਤ ਪ੍ਰਕਿਰਿਆ ਕਾਰਨ ਬਜ਼ੁਰਗ ਮਾਤਾ ਦਾ ਨਾਂ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕਿਆ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੀ ਗ੍ਰਾਂਟ ਦੌਰਾਨ ਰਣਜੀਤ ਕੌਰ ਦਾ ਨਾਂ ਪਹਿਲ ਦੇ ਆਧਾਰ ’ਤੇ ਭੇਜਿਆ ਜਾਵੇਗਾ ਅਤੇ ਉਨ੍ਹਾਂ ਲਈ ਪੱਕਾ ਕਮਰਾ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਉੱਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਬੇਸਹਾਰਾ ਬਜ਼ੁਰਗ ਮਹਿਲਾ ਦਾ ਖੁੱਲ੍ਹੇ ਅਸਮਾਨ ਹੇਠਾਂ ਤੰਬੂ ਵਿੱਚ ਰਹਿਣਾ ਸਮਾਜ ਅਤੇ ਪ੍ਰਸ਼ਾਸਨ ਦੋਵਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਨੁੱਖੀ ਹਮਦਰਦੀ ਦੇ ਆਧਾਰ ’ਤੇ ਇਸ ਮਾਮਲੇ ਨੂੰ ਤਰਜੀਹ ਦੇਣ ਅਤੇ ਰਣਜੀਤ ਕੌਰ ਨੂੰ ਜਲਦੀ ਤੋਂ ਜਲਦੀ ਪੱਕਾ ਆਸਰਾ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਉਨ੍ਹਾਂ ਨੂੰ ਜ਼ਿੰਦਗੀ ਦੇ ਇਸ ਆਖ਼ਰੀ ਪੜਾਅ ਵਿੱਚ ਘੱਟੋ-ਘੱਟ ਇੱਕ ਸੁਰੱਖਿਅਤ ਛੱਤ ਨਸੀਬ ਹੋ ਸਕੇ।

Related posts

ਵਿਲ ਸਮਿੱਥ ਨੂੰ ਮਿਲਿਆ ਦਿਲਜੀਤ ਦੋਸਾਂਝ; ਹੌਲੀਵੁੱਡ ਸਟਾਰ ਨੂੰ ਭੰਗੜੇ ਦੇ ਸਟੈੈੱਪ ਸਿਖਾਏ

Current Updates

ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਤਿੰਨ ਨਵੇਂ ਗੀਤ ਰਿਲੀਜ਼

Current Updates

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਿਹਤ ਤੇ ਸਿੱਖਿਆ ਖੇਤਰ ਦੇ ਮਾਹਿਰਾਂ ਨਾਲ ਮੀਟਿੰਗ

Current Updates

Leave a Comment