ਨਵੀਂ ਦਿੱਲੀ- ਚਾਰ ਦਹਾਕੇ ਪਹਿਲਾਂ ਲਦਾਖੀ ਆਗੂ ਮਰਹੂਮ ਸੋਨਮ ਵਾਂਗਯਾਲ ਨੇ ਜਦੋਂ ਲਦਾਖ ਦੇ ਭਾਈਚਾਰਿਆਂ ਨੂੰ ਅਨੁਸੂਚਿਤ ਜਨਜਾਤੀ (ਐੱਸ ਟੀ ) ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ, ਉਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖ਼ੁਦ ਲੇਹ ਪਹੁੰਚੇ ਸਨ ਅਤੇ ਉਨ੍ਹਾਂ ਨੇ ਮੰਗ ‘ਤੇ ਸਕਾਰਾਤਮਕ ਕਦਮ ਚੁੱਕਣ ਦਾ ਭਰੋਸਾ ਦੇ ਕੇ ਵਾਂਗਯਾਲ ਨੂੰ ਭੁੱਖ ਹੜਤਾਲ ਖ਼ਤਮ ਕਰਨ ਲਈ ਰਾਜ਼ੀ ਕੀਤਾ ਸੀ। ਇਤਿਹਾਸਕ ਦਸਤਾਵੇਜ਼ਾਂ ਵਿੱਚ ਇਹ ਜਾਣਕਾਰੀ ਮਿਲਦੀ ਹੈ।
ਵਾਂਗਯਾਲ ਦੀ ਚਾਰ ਦਹਾਕੇ ਪੁਰਾਣੀ ਭੁੱਖ ਹੜਤਾਲ ਦੀਆਂ ਯਾਦਾਂ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਲੋਕਾਂ ਵਿੱਚ ਚਰਚਾ ਦਾ ਹਿੱਸਾ ਬਣ ਗਈਆਂ, ਜਦੋਂ ਉਨ੍ਹਾਂ ਦੇ ਪੁੱਤਰ, ਜਲਵਾਯੂ ਕਾਰਕੁਨ ਅਤੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ, ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੇ 20ਵੇਂ ਦਿਨ ਵੀ ਡਟੇ ਰਹੇ। ਹਾਲਾਂਕਿ, ਸ਼ਨਿੱਚਰਵਾਰ ਨੂੰ ਜੰਤਰ-ਮੰਤਰ ‘ਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰ ਰਹੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਉਨ੍ਹਾਂ ਦੀ ਭੁੱਖ ਹੜਤਾਲ ਦੇ 21ਵੇਂ ਦਿਨ ਤਬੀਅਤ ਵਿਗੜਨ ਤੋਂ ਬਾਅਦ ਦਿੱਲੀ ਪੁਲੀਸ ਨੇ ਸਫ਼ਦਰਜੰਗ ਹਸਪਤਾਲ ਵਿੱਚ ਭਰਤੀ ਕਰਵਾਇਆ। ਪੁਲੀਸ ਨੇ ਕਿਹਾ ਕਿ ਡਾਕਟਰੀ ਸਲਾਹ ਅਤੇ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਅਨੁਸਾਰ ਵਾਂਗਚੁਕ ਨੂੰ ਹਸਪਤਾਲ ਲਿਜਾਇਆ ਗਿਆ ਹੈ। ਵਾਂਗਚੁਕ ਨੀਟ (NEET) ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਅਤੇ ਇਸ ਵਿਵਾਦ ਕਾਰਨ ਕਥਿਤ ਤੌਰ ‘ਤੇ ਕੁਝ ਵਿਦਿਆਰਥੀਆਂ ਦੀ ਮੌਤ ਦੇ ਵਿਰੋਧ ਵਿੱਚ 28 ਜੂਨ ਤੋਂ ਕਾਕਰੋਚ ਜਨਤਾ ਪਾਰਟੀ (ਕਾਜਪਾ) ਦੀ ਅਗਵਾਈ ਹੇਠ ਚੱਲ ਰਹੇ ਅੰਦੋਲਨ ਦੇ ਸਮਰਥਨ ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਹਨ।
ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਂਗਯਾਲ ਦੀ ਭੁੱਖ ਹੜਤਾਲ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਵੀ ਵੱਡੇ ਪੱਧਰ ‘ਤੇ ਸਾਂਝੀਆਂ ਕੀਤੀਆਂ ਗਈਆਂ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ, ਸਾਬਕਾ ਪ੍ਰਧਾਨ ਮੰਤਰੀ ਨੇ ਵਾਂਗਯਾਲ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀ ਮੰਗ ‘ਤੇ ਵਿਚਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਭੁੱਖ ਹੜਤਾਲ ਖ਼ਤਮ ਕਰਨ ਲਈ ਰਾਜ਼ੀ ਕੀਤਾ ਸੀ। ਸਾਲ 1989 ਵਿੱਚ ਲਦਾਖ ਦੇ ਭਾਈਚਾਰਿਆਂ ਨੂੰ ਅਨੁਸੂਚਿਤ ਜਨਜਾਤੀ (ਐੱਸ ਟੀ) ਦਾ ਦਰਜਾ ਪ੍ਰਦਾਨ ਕੀਤਾ ਗਿਆ।
ਸੋਨਮ ਵਾਂਗਯਾਲ ਦੀ ਭੁੱਖ ਹੜਤਾਲ ਦਾ ਇਹ ਇਤਿਹਾਸਕ ਪ੍ਰਸੰਗ ਕਾਂਗਰਸ ਦੇ ਅੰਦਰ ਵੀ ਚਰਚਾ ਵਿੱਚ ਰਿਹਾ। ਪਾਰਟੀ ਸੂਤਰਾਂ ਅਨੁਸਾਰ, ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਇੱਕ ਸੀਨੀਅਰ ਆਗੂ ਨੂੰ ਕਿਹਾ ਕਿ ਉਨ੍ਹਾਂ ਨੂੰ ਜੰਤਰ-ਮੰਤਰ ਜਾ ਕੇ ਸੋਨਮ ਵਾਂਗਚੁਕ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ 1984 ਦੀ ਉਸ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖ਼ੁਦ ਲੇਹ ਗਈ ਸੀ ਅਤੇ ਸੋਨਮ ਵਾਂਗਯਾਲ ਨਾਲ ਸਿੱਧਾ ਸੰਵਾਦ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਸ਼ਾਂਤੀਪੂਰਨ ਲੋਕਤੰਤਰੀ ਅੰਦੋਲਨਾਂ ਪ੍ਰਤੀ ਸਰਕਾਰ ਦੇ ਰਵੱਈਏ ਦੀ ਇੱਕ ਆਦਰਸ਼ ਉਦਾਹਰਣ ਦੱਸਿਆ। ਹੁਣ ਤੱਕ ਕਾਂਗਰਸ ਨੇ ਇਸ ਅੰਦੋਲਨ ਤੋਂ ਮੁਕਾਬਲਤਨ ਦੂਰੀ ਬਣਾਈ ਹੋਈ ਸੀ, ਜਦਕਿ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਖੁੱਲ੍ਹੇ ਤੌਰ ‘ਤੇ ਇਸ ਦਾ ਸਮਰਥਨ ਕੀਤਾ। ਹਾਲਾਂਕਿ, ਵੀਰਵਾਰ ਨੂੰ ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਵਾਂਗਚੁਕ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਸੀ। ਉੱਥੇ ਹੀ, ਸ਼ੁੱਕਰਵਾਰ ਨੂੰ ਪਾਰਟੀ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਜੰਤਰ-ਮੰਤਰ ਪਹੁੰਚ ਕੇ ਉਨ੍ਹਾਂ ਨੂੰ ਮਿਲੇ।
ਵਾਂਗਯਾਲ ਅਤੇ ਵਾਂਗਚੁਕ ਦੇ ਅੰਦੋਲਨਾਂ ਪ੍ਰਤੀ ਸਰਕਾਰਾਂ ਦੀ ਪ੍ਰਤੀਕਿਰਿਆ ਦੀ ਤੁਲਨਾ ਪਵਨ ਖੇੜਾ ਨੇ ਵੀ ਜਨਤਕ ਤੌਰ ‘ਤੇ ਕੀਤੀ। ਜੰਤਰ-ਮੰਤਰ ‘ਤੇ ਵਾਂਗਚੁਕ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ‘ਐਕਸ’ (ਟਵਿੱਟਰ) ‘ਤੇ ਲਿਖਿਆ ਕਿ ਸ਼ਾਂਤੀਪੂਰਨ ਵਿਰੋਧ-ਪ੍ਰਦਰਸ਼ਨ ਕਰਨਾ ਸੰਵਿਧਾਨ ਦੁਆਰਾ ਦਿੱਤਾ ਗਿਆ ਅਧਿਕਾਰ ਹੈ ਅਤੇ ਭੁੱਖ ਹੜਤਾਲ ਕਰ ਰਹੇ ਲੋਕਾਂ ਨਾਲ ਸੰਵਾਦ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਲਿਖਿਆ, ”1984 ਵਿੱਚ ਇੰਦਰਾ ਗਾਂਧੀ ਨੇ ਇਹੀ ਕੀਤਾ ਸੀ। 2011 ਵਿੱਚ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਵੀ ਇਹੀ ਕੀਤਾ ਸੀ।”
ਮਰਹੂਮ ਸੋਨਮ ਵਾਂਗਯਾਲ ਲਦਾਖ ਦੇ ਪ੍ਰਮੁੱਖ ਆਗੂਆਂ ਵਿੱਚ ਸ਼ਾਮਲ ਸਨ ਅਤੇ ਅਣਵੰਡੇ ਜੰਮੂ-ਕਸ਼ਮੀਰ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਸਨ। ਲਦਾਖ ਦੀਆਂ ਸੰਵਿਧਾਨਕ ਅਤੇ ਸਿਆਸੀ ਇੱਛਾਵਾਂ ਨੂੰ ਲੈ ਕੇ ਜਨਮਤ ਤਿਆਰ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਵਾਂਗਯਾਲ ਦੀ ਭੂਮਿਕਾ ਨੂੰ ਲੈ ਕੇ ਇੱਕ ਵਾਰ ਫਿਰ ਵਧੀ ਚਰਚਾ ਦਰਮਿਆਨ ਸੋਨਮ ਵਾਂਗਚੁਕ ਦੇ ਕਈ ਪੁਰਾਣੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਫਿਰ ਤੋਂ ਸਾਂਝੇ ਕੀਤੇ ਜਾ ਰਹੇ ਹਨ। ਅਜਿਹੇ ਹੀ ਇੱਕ ਚਰਚਿਤ ਵੀਡੀਓ ਵਿੱਚ ਵਾਂਗਚੁਕ ਦੱਸਦੇ ਹਨ ਕਿ ਇੰਜੀਨੀਅਰਿੰਗ ਕਾਲਜ ਵਿੱਚ ਦਾਖ਼ਲੇ ਦੌਰਾਨ ਉਨ੍ਹਾਂ ਨੇ ਆਪਣੇ ਪਿਤਾ ਦੀ ਪਛਾਣ ਜੰਮੂ-ਕਸ਼ਮੀਰ ਸਰਕਾਰ ਦੇ ਮੰਤਰੀ ਦੀ ਬਜਾਏ ਇੱਕ ਕਿਸਾਨ ਵਜੋਂ ਦਿੱਤੀ ਸੀ, ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਪਰਿਵਾਰਕ ਪ੍ਰਭਾਵ ਦਾ ਉਨ੍ਹਾਂ ਦੀ ਦਾਖ਼ਲਾ ਪ੍ਰਕਿਰਿਆ ‘ਤੇ ਕੋਈ ਅਸਰ ਪਵੇ।
