ਚੰਡੀਗੜ੍ਹ- ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕਰਨ ਬਾਰੇ ਸੋਸ਼ਲ ਮੀਡੀਆ ’ਤੇ ਅੱਜ ਸ਼ਾਮ ਜਾਰੀ ਹੋਏ ਇੱਕ ਫ਼ਰਜ਼ੀ ਪੱਤਰ ਨੇ ਭੰਬਲਭੂਸਾ ਪੈਦਾ ਕਰ ਦਿੱਤਾ। ਬਾਅਦ ’ਚ ਸੁਖਜਿੰਦਰ ਸਿੰਘ ਰੰਧਾਵਾ ਨੇ ਖ਼ੁਦ ਪੋਸਟ ਸਾਂਝੀ ਕਰਕੇ ਇਸ ਪੱਤਰ ਨੂੰ ਫ਼ਰਜ਼ੀ ਕਰਾਰ ਦਿੱਤਾ। ਰੰਧਾਵਾ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਫ਼ਰਜ਼ੀ ਪੱਤਰ ਵਾਇਰਲ ਕਰਨ ਦੇ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸਾਲ 2021 ਦੌਰਾਨ ਸੁਖਜਿੰਦਰ ਰੰਧਾਵਾ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਖ਼ਬਰਾਂ ਸਨ ਪ੍ਰੰਤੂ ਅੰਤਿਮ ਸਮੇਂ ’ਤੇ ਕਾਂਗਰਸ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਸੀ। ਰੰਧਾਵਾ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ।ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਅੱਜ ਸ਼ਾਮ ਇਕ ਫਰਜ਼ੀ ਪੱਤਰ ਜਾਰੀ ਹੋਇਆ ਜਿਸ ਵਿਚ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵੱਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦਾ ਨਵਾਂ ਪ੍ਰਧਾਨ ਨਿਯੁਕਤ ਕਰਨ ਬਾਰੇ ਦੱਸਿਆ ਗਿਆ ਹੈ।
ਇਸ ਵਿਚ ਏਆਈਸੀਸੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਪੱਤਰ ਜਾਰੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਪੁਸ਼ਟੀ ਕਿਸੇ ਨੇ ਨਾ ਕੀਤੀ। ਸਗੋਂ ਸੀਨੀਅਰ ਆਗੂਆਂ ਨੇ ਆਪ ਦੱਸਿਆ ਕਿ ਇਹ ਪੱਤਰ ਗਲਤ ਹੈ ਤੇ ਕਿਸੇ ਨੇ ਸ਼ਰਾਰਤ ਕਰ ਕੇ ਤਿਆਰ ਕੀਤਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਅੱਜ ਪੰਜਾਬ ਦੇ ਸਿਖਰਲੇ ਆਗੂਆਂ ਨੂੰ ਦਿੱਲੀ ਸੱਦਿਆ ਸੀ ਤੇ ਰਾਹੁਲ ਗਾਂਧੀ ਵਲੋਂ ਇਨ੍ਹਾਂ ਆਗੂਆਂ ਨਾਲ ਮੀਟਿੰਗ ਵੀ ਕੀਤੀ ਗਈ ਪਰ ਹਾਲੇ ਤਕ ਕਾਂਗਰਸ ਪੰਜਾਬ ਦੇ ਨਵੇਂ ਪ੍ਰਧਾਨ ਬਾਰੇ ਪੁਖਤਾ ਸੂਚਨਾ ਨਹੀਂ ਮਿਲੀ। ਦੂਜੇ ਪਾਸੇ ਕਾਂਗਰਸ ਦੇ ਕਈ ਗਰੁੱਪਾਂ ਵਲੋਂ ਆਪਣੇ ਆਪਣੇ ਆਗੂਆਂ ਦੇ ਪ੍ਰਧਾਨ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ। ਕਈ ਕਾਂਗਰਸੀ ਆਗੂ ਇਹ ਕਹਿ ਰਹੇ ਹਨ ਕਿ ਰਾਜਾ ਵੜਿੰਗ ਨੂੰ ਮੁੜ ਤੋਂ ਪ੍ਰਧਾਨ ਨਿਯੁਕਤ ਕੀਤਾ ਜਾ ਸਕਦਾ ਹੈ। ਕਈ ਧਿਰਾਂ ਵਲੋਂ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਵਿਜੈਇੰਦਰ ਸਿੰਗਲਾ ਦੀ ਦਾਅਵੇਦਾਰੀ ’ਤੇ ਮੋਹਰ ਲਾਈ ਜਾ ਰਹੀ ਹੈ। ਪੰਜਾਬ ਨੂੰ ਇਨ੍ਹਾਂ ਵਿਚੋਂ ਕਿਹੜਾ ਪ੍ਰਧਾਨ ਮਿਲੇਗਾ, ਇਸ ਦਾ ਫੈਸਲਾ ਅੱਜ ਦੇਰ ਰਾਤ ਤਕ ਕਰਨ ਦੀ ਪੂਰੀ ਸੰਭਾਵਨਾ ਹੈ।
ਪਹਿਲਾਂ ਵੀ ਮੁੱਖ ਮੰਤਰੀ ਬਣਾਉਣ ਦੀ ਫਰਜ਼ੀ ਖਬਰ ਹੋਈ ਸੀ ਵਾਇਰਲ- ਜ਼ਿਕਰਯੋਗ ਹੈ ਕਿ ਸਾਲ 2021 ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਖ਼ਬਰਾਂ ਸਨ। ਸਤੰਬਰ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੀ ਦੌੜ ਵਿੱਚ ਰੰਧਾਵਾ ਦਾ ਨਾਂ ਸਭ ਤੋਂ ਅੱਗੇ ਸੀ। ਹਾਲਾਂਕਿ, ਅੰਤਿਮ ਸਮੇਂ ‘ਤੇ ਕਾਂਗਰਸ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਸੀ। ਸਤੰਬਰ 2021 ਦੇ ਤੀਜੇ ਹਫ਼ਤੇ ਦੌਰਾਨ ਕਾਂਗਰਸ ਵਿਧਾਇਕ ਦਲ ਦੇ ਆਗੂ ਵਜੋਂ ਰੰਧਾਵਾ ਦੇ ਨਾਂ ਦੀ ਚਰਚਾ ਸੀ। ਇਸ ਤੋਂ ਬਾਅਦ ਰੰਧਾਵਾ ਦੇ ਸਮਰਥਕਾਂ ਨੇ ਜਸ਼ਨ ਮਨਾਇਆ। ਇਸ ਦੌਰਾਨ ਰੰਧਾਵਾ ਦੇ ਗ੍ਰਹਿ ਖੇਤਰ ਵਿੱਚ ਸਮਰਥਕਾਂ ਵੱਲੋਂ ਖੁਸ਼ੀ ਵਿੱਚ ਲੱਡੂ ਤੱਕ ਵੰਡੇ ਗਏ ਸਨ। ਇਸ ਕਰ ਕੇ ਹੁਣ ਵੀ ਕਈ ਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਲੋਮੀਟਰ ਵਾਲਾ ਮੁੱਖ ਮੰਤਰੀ ਵੀ ਕਿਹਾ ਜਾਂਦਾ ਹੈ। ਉਸ ਵੇਲੇ ਪਾਰਟੀ ਨੇ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਦੇ ਨਾਂ ’ਤੇ ਮੋਹਰ ਲਗਾਈ ਅਤੇ ਰੰਧਾਵਾ ਨੂੰ ਉਪ ਮੁੱਖ ਮੰਤਰੀ (Deputy CM) ਦਾ ਅਹੁਦਾ ਸੌਂਪਿਆ ਗਿਆ ਸੀ।
