August 14, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜਾਬ ’ਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦਿਆਂਗੇ: ਮਾਨ

ਪੰਜਾਬ ’ਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦਿਆਂਗੇ: ਮਾਨ

ਬਠਿੰਡਾ- ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਨੇ ਇਕ ਸਾਜ਼ਿਸ਼ ਤਹਿਤ ‘ਆਪ’ ਆਗੂ ਆਤਿਸ਼ੀ ਦੇ ਵੀਡੀਓ ਨਾਲ ਛੇੜਛਾੜ ਕੀਤੀ ਤਾਂ ਕਿ ਸੂਬੇ ਵਿਚ ਫਿਰਕੂ ਤਣਾਅ ਪੈਦਾ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਅਜਿਹੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ਅਤੇ ਜਾਰੀ ਕੀਤੇ ਗਏ ਕਿਸੇ ਵੀ ਨਿਰਦੇਸ਼ ਦੀ ਪਾਲਣਾ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ ਸਰੂਪਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਉਣ ਪਿੱਛੇ ਕੋਈ ਸਿਆਸੀ ਮੰਤਵ ਨਹੀਂ ਸੀ।

ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਨ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਵੱਲੋਂ ਅਸੈਂਬਲੀ ਵਿਚ ਦਿੱਤੇ ਬਿਆਨ ਨਾਲ ਛੇੜਛਾੜ ਕੀਤੀ, ਉਸ ਵਿਚ ਝੂਠੇ ਸਬਟਾਈਟਲ ਤੇ ਗੁਰੂ ਤੇਗ ਬਹਾਦਰ ਦਾ ਨਾਮ ਜੋੜਿਆ। ਉਨ੍ਹਾਂ ਭਾਜਪਾ ਦੀ ਇਸ ਕਾਰਵਾਈ ਨੂੰ ਕੁਫ਼ਰ ਤੋਲਣ ਦੇ ਬਰਾਬਰ ਦੱਸਿਆ। ‘ਆਪ’ ਆਗੂ ਨੇ ਕਿਹਾ ਕਿ ਫੋਰੈਂਸਿਕ ਜਾਂਚ ਤੋਂ ਸਾਫ਼ ਹੈ ਕਿ ਆਤਿਸ਼ੀ ਨੇ ਵੀਡੀਓ ਵਿਚ ਕਿਤੇ ਵੀ ‘ਗੁਰੂ’ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ। ਮਾਨ ਨੇ ਕਿਹਾ, ‘‘ਭਾਜਪਾ ਧਰਮ ਤੇ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ, ਜੋ ਹੁਣ ਆਪਣੀ ਸਿਖਰ ’ਤੇ ਹੈ। ਭਾਜਪਾ ਨੇ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਤਿਸ਼ੀ ਨੇ ਗੁਰੂ ਸਾਹਿਬ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤੀ, ਜਦੋਂ ਕਿ ਅਸਲ ਵਿਚ ਅਜਿਹਾ ਕੁਝ ਨਹੀਂ ਹੋਇਆ।

ਮੁੱਖ ਮੰਤਰੀ ਨੇ ਪੰਜਾਬ ਪੁਲੀਸ ਵੱਲੋਂ ਭਾਜਪਾ ਆਗੂ ਤੇ ਦਿੱਲੀ ਸਰਕਾਰ ’ਚ ਮੰਤਰੀ ਕਪਿਲ ਮਿਸ਼ਰਾ ਖਿਲਾਫ਼ ਕੀਤੀ ਕਾਰਵਾਈ ਦੀ ਵਕਾਲਤ ਕਰਦਿਆਂ ਕਿਹਾ ਕਿ ‘ਛੇੜਛਾੜ ਵਾਲੀ’ ਕਲਿੱਪ ਦਿੱਲੀ ਅਸੈਂਬਲੀ ਦੇ ਅਧਿਕਾਰਤ ਰਿਕਾਰਡ ਵਿਚ ਕਿਤੇ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਜੇਕਰ ਅਜਿਹਾ ਕੋਈ ਬਿਆਨ ਦਿੱਤਾ ਗਿਆ ਸੀ, ਤਾਂ ਇਹ ਅਸੈਂਬਲੀ ਦੀ ਕਾਰਵਾਈ ਦਾ ਹਿੱਸਾ ਹੋਣਾ ਚਾਹੀਦਾ ਸੀ ਤੇ ਸਪੀਕਰ ਦੇ ਧਿਆਨ ਵਿਚ ਹੁੰਦਾ।’’ ਮਾਨ ਨੇ ਕਿਹਾ ਕਿ ਜਲੰਧਰ ਪੁਲੀਸ ਕਮਿਸ਼ਨਰੇਟ ਨੇ ਆਤਿਸ਼ੀ ਦੇ ਬਿਆਨ ਨਾਲ ਸਬੰਧਤ ‘ਛੇੜਛਾੜ ਵਾਲੀ’ ਵੀਡੀਓ ਅਪਲੋਡ ਤੇ ਸਰਕੂਲੇਟ ਕਰਨ ਖਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਕਬਾਲ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ।

ਜਲੰਧਰ ਪੁਲੀਸ ਦੇ ਤਰਜਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਆਤਿਸ਼ੀ ਦੀ ਆਡੀਓ ਵਾਲੀ ਵੀਡੀਓ ਕਲਿੱਪ ਮਿਸ਼ਰਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਡਾਊਨਲੋਡ ਕਰਕੇ ਮੁਹਾਲੀ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਡਾਇਰੈਕਟਰ ਨੂੰ ਜਾਂਚ ਲਈ ਭੇਜੀ ਗਈ ਸੀ। ਮਾਨ ਨੇ ਕਿਹਾ, ‘‘ਅਸੀਂ ਇਸ ਦੀ ਜਾਂਚ ਕਰਵਾਈ ਤੇ ਪਤਾ ਲੱਗਾ ਕਿ ਆਤਿਸ਼ੀ ਨੇ ਅਜਿਹੀ ਕੋਈ ਗੱਲ ਨਹੀਂ ਕਹੀ। ਇਹ ਭਾਜਪਾ ਦੀ ਸੌੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਭਾਜਪਾ ਪਹਿਲਾਂ ਵੀ ਅਜਿਹੇ ਕੰਮ ਕਰਦੀ ਰਹੀ ਹੈ। ਲੋਕਾਂ ਨੂੰ ਗ਼ਲਤ ਜਾਣਕਾਰੀ ਦੇਣਾ ਤੇ ਅਤੇ ਉਨ੍ਹਾਂ ਨੂੰ ਭੜਕਾਉਣਾ ਇਸ ਦੀ ਨੀਤੀ ਹੈ। ਅਸੀਂ ਇਸਦੀ ਸਖ਼ਤ ਨਿੰਦਾ ਕਰਦੇ ਹਾਂ।’’

ਮਾਨ ਨੇ ਭਾਜਪਾ ’ਤੇ ਫੁੱਟਪਾਊ ਰਾਜਨੀਤੀ ਕਰਨ ਅਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਧਰੁਵੀਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, ‘‘ਸਿਆਸੀ ਮੁਫਾਦਾਂ ਨੂੰ ਪੂਰਾ ਕਰਨ ਲਈ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਭਾਜਪਾ ਦੀ ਪੁਰਾਣੀ ਰਣਨੀਤੀ ਹੈ। ਇਸ ਕਾਰਵਾਈ ਨੇ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਉਨ੍ਹਾਂ ਭਾਜਪਾ ’ਤੇ ਚੰਡੀਗੜ੍ਹ, ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਅਤੇ ਪੰਜਾਬ ਯੂਨੀਵਰਸਿਟੀ ਵਰਗੇ ਮੁੱਦਿਆਂ ’ਤੇ ਪੰਜਾਬ ਵਿਰੋਧੀ ਮਾਨਸਿਕਤਾ ਰੱਖਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਰਵਨੀਤ ਸਿੰਘ ਬਿੱਟੂ ਸਮੇਤ ਹੋਰ ਆਗੂ ਭਾਜਪਾ ਦੇ ਇਨ੍ਹਾਂ ਦਾਅਵਿਆਂ ਦਾ ਬਚਾਅ ਕਰਨ ਵਿੱਚ ਇੱਕ ਅਜੀਬ ਸਥਿਤੀ ਵਿੱਚ ਹਨ।

ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦੀ ਵੀ ਨੁਕਤਾਚੀਨੀ ਕੀਤੀ। ਉਨ੍ਹਾਂ ’ਤੇ ਪਿਛਲੇ ਸਮੇਂ ਵਿੱਚ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਫੈਸਲਿਆਂ ਦੀ ਹਮਾਇਤ ਕਰਨ ਤੋਂ ਬਾਅਦ ਪੰਜਾਬ ਦੇ ਮੁੱਦਿਆਂ ’ਤੇ ‘ਮਗਰਮੱਛ ਦੇ ਹੰਝੂ’ ਵਹਾਉਣ ਦਾ ਦੋਸ਼ ਲਗਾਇਆ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਉਨ੍ਹਾਂ ਦੀ ਸਰਕਾਰ ਵਿਰੁੱਧ ਮੁੱਦਿਆਂ ਦੀ ਘਾਟ ਕਾਰਨ ਤਵਾਜ਼ਨ ਗੁਆ ​​ਚੁੱਕੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਆਪ’ ਸ਼ਾਸਨ ਸਮਾਵੇਸ਼ੀ ਵਿਕਾਸ ਲਈ ਵਚਨਬੱਧ ਹੈ। ਮਾਨ ਨੇ ਸਿੱਖਿਆ ਵਿੱਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਪੰਜਾਬ ਨੇ ਪਹਿਲੀ ਵਾਰ ਰਾਸ਼ਟਰੀ ਮੁਲਾਂਕਣ ਸਰਵੇਖਣ ਵਿੱਚ ਕੇਰਲਾ ਨੂੰ ਪਛਾੜ ਕੇ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ, ਅਤੇ ਸਰਕਾਰੀ ਸਕੂਲਾਂ ਨੂੰ ਉੱਤਮ ਸਕੂਲਾਂ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ।

Related posts

ਲੁੱਟ-ਖੋਹ ਦੌਰਾਨ 28 ਸਾਲਾ ਹਿੰਦੂ ਡਾਕਟਰ ਦਾ ਕਤਲ

Current Updates

ਫਰਵਰੀ ’ਚ ਜੀਐੱਸਟੀ ਮਾਲੀਆ 9.1 ਫ਼ੀਸਦ ਵਧ ਕੇ 1.84 ਲੱਖ ਕਰੋੜ ਰੁਪਏ ਹੋਇਆ

Current Updates

ਸਾਬਕਾ ਡੀਆਈਜੀ ਹਰਚਰਨ ਭੁੱਲਰ ਨੂੰ ਮੁੜ ਪੰਜ ਦਿਨਾ ਰਿਮਾਂਡ ’ਤੇ ਭੇਜਿਆ

Current Updates

Leave a Comment