November 12, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਕੌਣ ਹੈ ਸਮਾਜ ਸੇਵੀ ਬੌਬੀ ਭਾਈ? ਅਮਿਤਾਭ ਬੱਚਨ ਨੇ ਵੀ ਪੈਰ ਛੂਹਣ ਦੀ ਕੀਤੀ ਕੋਸ਼ਿਸ਼; ਮੰਗਿਆ ਆਸ਼ੀਰਵਾਦ

ਕੌਣ ਹੈ ਸਮਾਜ ਸੇਵੀ ਬੌਬੀ ਭਾਈ? ਅਮਿਤਾਭ ਬੱਚਨ ਨੇ ਵੀ ਪੈਰ ਛੂਹਣ ਦੀ ਕੀਤੀ ਕੋਸ਼ਿਸ਼; ਮੰਗਿਆ ਆਸ਼ੀਰਵਾਦ

ਚੰਡੀਗੜ੍ਹ- ਸਾਲਾਂ ਤੋਂ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਭੋਜਨ ਛਕਾਉਣ ਅਤੇ ਲਾਵਾਰਿਸ ਲਾਸ਼ਾਂ ਦਾ ਅੰਤਿਮ ਸਸਕਾਰ ਕਰਨ ਵਾਲੇ ਸਰਬਜੀਤ ਸਿੰਘ ਬੌਬੀ ਨੂੰ ‘ਕੌਣ ਬਣੇਗਾ ਕਰੋੜਪਤੀ’ ਦੇ ‘ਫੋਰਸ ਆਫ਼ ਗੁੱਡ ਐਵਾਰਡ’ (Force of Good Award) ਲਈ ਚੁਣਿਆ ਗਿਆ ਹੈ। ਸ਼ਿਮਲਾ ਵਿੱਚ ਪਿਆਰ ਨਾਲ ‘ਬੌਬੀ ਭਾਈ’ ਜਾਂ ‘ਸ਼ਿਮਲਾ ਦਾ ਵਿਹਲਾ’ ਵਜੋਂ ਜਾਣੇ ਜਾਂਦੇ ਬੌਬੀ ਲਈ ਅਮਿਤਾਭ ਬੱਚਨ ਨੂੰ ਮਿਲਣਾ ਕਿਸੇ ਸੁਪਨੇ ਦੇ ਪੂਰਾ ਹੋਣ ਵਰਗਾ ਸੀ। ਸ਼ਿਮਲਾ ਸਥਿਤ ਗ਼ੈਰ-ਸਰਕਾਰੀ ਸੰਸਥਾ (ਐੱਨਜੀਓ) ‘ਆਲਮਾਈਟੀ ਬਲੈਸਿੰਗਜ਼’ (Almighty Blessings) ਦੇ ਸੰਚਾਲਕ ਬੌਬੀ ਨੂੰ ਇਸ ਮਸ਼ਹੂਰ ਕੁਇਜ਼ ਸ਼ੋਅ ਵਿੱਚ ‘ਫੋਰਸ ਆਫ਼ ਗੁੱਡ ਐਵਾਰਡ’ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਸ਼ਮੂਲੀਅਤ ਅਤੇ ਕਹਾਣੀ ਅੱਜ ਰਾਤ 9 ਵਜੇ ਤੋਂ ਸੋਨੀ ਲਿਵ (Sony LIV) ਅਤੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਣ ਵਾਲੇ ਐਪੀਸੋਡ ਵਿੱਚ ਦਿਖਾਈ ਜਾਵੇਗੀ।

ਪਰ ਇਹ ਅਮਿਤਾਭ ਬੱਚਨ ਨਾਲ ਉਨ੍ਹਾਂ ਦੀ ਭਾਵੁਕ ਮੁਲਾਕਾਤ ਹੀ ਸੀ, ਜਿਸ ਨੇ ਇਸ ਸਮਾਜ ਸੇਵੀ ਨੂੰ ਨਿਰੁੱਤਰ ਕਰ ਦਿੱਤਾ। ਸੈੱਟ ’ਤੇ ਬਿਤਾਏ ਆਪਣੇ ਸਮੇਂ ਨੂੰ ਯਾਦ ਕਰਦਿਆਂ ਬੌਬੀ ਨੇ ਦੱਸਿਆ ਕਿ ਉਨ੍ਹਾਂ ਨੇ ਲਗਪਗ ਚਾਰ ਘੰਟੇ ਇਸ ਦਿੱਗਜ ਅਦਾਕਾਰ ਨੂੰ ਦੇਖਿਆ ਅਤੇ ਉਨ੍ਹਾਂ ਦੀ ਊਰਜਾ ਤੇ ਹਰ ਕਿਸੇ ਨੂੰ ਨਿਮਰਤਾ ਨਾਲ ਮਿਲਣ ਦੇ ਅੰਦਾਜ਼ ਦੀ ਸ਼ਲਾਘਾ ਕੀਤੀ। ਬੌਬੀ ਨੇ ਬੌਲੀਵੁੱਡ ਦੇ ਇਸ ਮਹਾਨਾਇਕ ਨਾਲ ਆਪਣੀ ਮੁਲਾਕਾਤ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਪਲਾਂ ਵਿੱਚੋਂ ਇੱਕ ਦੱਸਦਿਆਂ ਕਿਹਾ, “ਉਹ ਇੱਕ ਸੱਚੇ ਸੱਜਣ ਪੁਰਸ਼ ਹਨ।” ਬੌਬੀ ਨੇ ਦੱਸਿਆ ਕਿ ਉਨ੍ਹਾਂ ਨੇ ਸਤਿਕਾਰ ਵਜੋਂ ਅਮਿਤਾਭ ਬੱਚਨ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ, ਪਰ ਅਦਾਕਾਰ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇੱਕ ਅਜਿਹੇ ਅੰਦਾਜ਼ ਵਿੱਚ ਜਿਸ ਨੇ ਉਨ੍ਹਾਂ ਨੂੰ ਡੂੰਘਾਈ ਤੱਕ ਭਾਵੁਕ ਕਰ ਦਿੱਤਾ, ਬੱਚਨ ਨੇ ਇਸ ਦੀ ਬਜਾਏ ਖ਼ੁਦ ਬੌਬੀ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਮੰਗਿਆ।

ਬੌਬੀ ਨੇ ਕਿਹਾ, “ਮੈਂ ਅਜੇ ਵੀ ਇਸ ਬਾਰੇ ਸੁਪਨੇ ਦੇਖ ਰਿਹਾ ਹਾਂ। ਸਾਡੇ ਦੇਸ਼ ਦਾ ਸਭ ਤੋਂ ਵੱਡਾ ਹੀਰੋ ਇੰਨਾ ਨਿਮਰ ਹੋ ਸਕਦਾ ਹੈ। ਮੇਰੇ ਕੋਲ ਕੋਈ ਸ਼ਬਦ ਨਹੀਂ ਹਨ।” ਆਪਣੀ ਗੱਲਬਾਤ ਦੌਰਾਨ ਬੌਬੀ ਨੇ ਅਮਿਤਾਭ ਬੱਚਨ ਨੂੰ ਆਪਣੇ ਮਨੁੱਖਤਾਵਾਦੀ ਕਾਰਜਾਂ ਬਾਰੇ ਦੱਸਿਆ, ਜੋ ਉਹ ਪਿਛਲੇ 12 ਸਾਲਾਂ ਤੋਂ ਦੋਸਤਾਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਚਲਾ ਰਹੇ ਹਨ। ‘ਆਲਮਾਈਟੀ ਬਲੈਸਿੰਗਜ਼’ ਰਾਹੀਂ ਉਹ ਅਤੇ ਉਨ੍ਹਾਂ ਦੀ ਟੀਮ ਰੋਜ਼ਾਨਾ ਲਗਪਗ 4,000 ਲੋਕਾਂ ਨੂੰ ਭੋਜਨ ਛਕਾਉਂਦੇ ਹਨ, ਜਿਨ੍ਹਾਂ ਵਿੱਚ ਹਸਪਤਾਲਾਂ ਦੇ ਨੇੜੇ ਰਹਿਣ ਵਾਲੇ ਗ਼ਰੀਬ ਮਰੀਜ਼ ਅਤੇ ਉਨ੍ਹਾਂ ਦੇ ਤੀਮਾਰਦਾਰ ਸ਼ਾਮਲ ਹਨ। ਇਹ ਐੱਨਜੀਓ ਮੁਫ਼ਤ ਕੰਟੀਨਾਂ ਅਤੇ ਲੰਗਰ ਸੇਵਾਵਾਂ ਚਲਾਉਂਦੀ ਹੈ, ਜਿਸ ਰਾਹੀਂ ਲੋੜਵੰਦਾਂ ਨੂੰ ਭੋਜਨ ਅਤੇ ਜਲ-ਪਾਨ ਮੁਹੱਈਆ ਕਰਵਾਇਆ ਜਾਂਦਾ ਹੈ।

ਬੌਬੀ ਪਿਛਲੇ 28 ਸਾਲਾਂ ਤੋਂ ਲਾਵਾਰਿਸ, ਅਣਪਛਾਤੀਆਂ ਅਤੇ ਗਲ਼-ਸੜ ਚੁੱਕੀਆਂ ਲਾਸ਼ਾਂ ਦਾ ਅੰਤਿਮ ਸਸਕਾਰ ਕਰਨ ਵਿੱਚ ਮਦਦ ਕਰਦਿਆਂ ਮੁਫ਼ਤ ਅੰਤਿਮ ਯਾਤਰਾ ਅਤੇ ਮ੍ਰਿਤਕ ਦੇਹਾਂ ਨੂੰ ਲਿਜਾਉਣ ਦੀ ਸੇਵਾ ਵੀ ਕਰ ਰਹੇ ਹਨ। ਇਨ੍ਹਾਂ ਸਾਲਾਂ ਦੌਰਾਨ, ਉਨ੍ਹਾਂ ਦੀ ਸੰਸਥਾ ਨੇ ਖ਼ੂਨਦਾਨ ਕੈਂਪ ਵੀ ਲਗਾਏ ਹਨ ਅਤੇ ਆਫ਼ਤਾਂ ਦੌਰਾਨ ਅੱਗੇ ਆ ਕੇ ਹੜ੍ਹਾਂ ਤੇ ਹੋਰ ਹੰਗਾਮੀ ਹਾਲਾਤ ਤੋਂ ਪ੍ਰਭਾਵਿਤ ਭਾਈਚਾਰਿਆਂ ਨੂੰ ਰਾਹਤ ਪਹੁੰਚਾਈ ਹੈ। ਪ੍ਰੋਗਰਾਮ ਲਈ ਕੇਬੀਸੀ ਦੀ ਟੀਮ ਵੱਲੋਂ ਪਿਛਲੇ ਮਹੀਨੇ ਸ਼ਿਮਲਾ ਵਿੱਚ ਬੌਬੀ ਦੇ ਕੰਮਾਂ ਦੀ ਜਾਣ-ਪਛਾਣ ਕਰਵਾਉਂਦੀ ਇੱਕ ਰੀਲ (ਵੀਡੀਓ) ਵੀ ਫ਼ਿਲਮਾਈ ਗਈ ਸੀ।

ਆਪਣੇ ਦੋਸਤਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਬੌਬੀ ਨੇ ਕਿਹਾ ਕਿ ਇਹ ਸਨਮਾਨ ਹਰ ਉਸ ਵਿਅਕਤੀ ਦਾ ਹੈ, ਜੋ ਉਨ੍ਹਾਂ ਦੇ ਨਾਲ ਖੜ੍ਹਾ ਰਿਹਾ ਅਤੇ ਜਿਨ੍ਹਾਂ ਨੇ ਉਨ੍ਹਾਂ ਦੀ “ਮਨੁੱਖਤਾ ਦੀ ਸੇਵਾ” ਨੂੰ ਜਾਰੀ ਰੱਖਣ ਵਿੱਚ ਮਦਦ ਕੀਤੀ। ਦਹਾਕਿਆਂ ਤੋਂ ਚੁੱਪ-ਚਾਪ ਅਜਨਬੀਆਂ ਦੀ ਸੇਵਾ ਕਰਨ ਵਾਲੇ ਇਸ ਸ਼ਖ਼ਸ ਨੂੰ ਕੇਬੀਸੀ ਦੇ ਇਸ ਸਨਮਾਨ ਨੇ ਕੌਮੀ ਪਛਾਣ ਦਿਵਾਈ ਹੈ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਮਿਤਾਭ ਬੱਚਨ ਨਾਲ ਹੋਈ ਮੁਲਾਕਾਤ ਨੇ ਉਨ੍ਹਾਂ ਨੂੰ ਇੱਕ ਅਜਿਹੀ ਯਾਦ ਦਿੱਤੀ ਹੈ, ਜਿਸ ਨੂੰ ਉਹ ਕਦੇ ਨਹੀਂ ਭੁਲਾ ਸਕਣਗੇ।

Related posts

ਟਰੱਕ ਖੱਡ ’ਚ ਡਿੱਗਣ ਕਾਰਨ 18 ਮੌਤਾਂ, 3 ਲਾਪਤਾ

Current Updates

ਪਾਣੀਪਤ ਦੀ ਧਾਗਾ ਫੈਕਟਰੀ ਵਿੱਚ ਅੱਗ; ਦੋ ਮੁਲਾਜ਼ਮਾਂ ਦੀ ਮੌਤ; ਤਿੰਨ ਜ਼ਖ਼ਮੀ

Current Updates

ਵਿੱਤੀ ਬੋਝ ਪੈਣ ਦੀ ਸੂਰਤ ’ਚ ਜਾਵਾਂਗੇ ਅਦਾਲਤ

Current Updates

Leave a Comment