February 11, 2026
ਖਾਸ ਖ਼ਬਰਪੰਜਾਬਰਾਸ਼ਟਰੀ

ਕਿਸਾਨਾਂ ਦੇ ਰਾਹ ‘ਚੋਂ ਕੰਡੇ ਚੁਗਣ ਲੱਗਾ ਡਰੈਗਨ

ਕਿਸਾਨਾਂ ਦੇ ਰਾਹ 'ਚੋਂ ਕੰਡੇ ਚੁਗਣ ਲੱਗਾ ਡਰੈਗਨ

ਮਹਿਲ ਕਲਾਂ- ਉਜਾੜ ਬੀਆਬਾਨ ਵਿੱਚ ਉੱਗਣ ਵਾਲੀ ਥੋਹਰ ਹੁਣ ਕਿਸਾਨਾਂ ਦੀ ਆਰਥਿਕਤਾ ਦੇ ਰਾਹ ਦੇ ਕੰਡੇ ਚੁਗਣ ਲੱਗੀ ਹੈ। ਗੁਜਰਾਤ, ਕਰਨਾਟਕ ਤੇ ਮਹਾਰਾਸ਼ਟਰ ਤੋਂ ਬਾਅਦ ਡਰੈਗਨ ਫਰੂਟ ਨੇ ਪੰਜਾਬ ਵੀ ਵਿੱਚ ਜੜਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਵਿੱਚ ਡਰੈਗਨ ਦੀ ਕਾਸ਼ਤ ਦਾ ਰੁਝਾਨ 2016-2018 ਦੇ ਦਰਮਿਆਨ ਸ਼ੁਰੂ ਹੋਇਆ ਅਤੇ 2023 ਤੱਕ ਕਾਫੀ ਅਗਾਂਹਵਧੂ ਕਿਸਾਨ ਡਰੈਗਨ ਵੱਲ ਖਿੱਚੇ ਗਏ। ਸਬਰ ਦਾ ਇਹ ਮਿੱਠਾ ਫ਼ਲ ਲੈਣ ਵਾਲਿਆਂ ਵਿੱਚ ਬਰਨਾਲਾ ਜ਼ਿਲ੍ਹਾ ਮੋਹਰੀ ਹੈ।

ਡਰੈਗਨ ਦੀ ਖਾਸ ਗੱਲ ਇਹ ਹੈ ਕਿ ਇਸ ਤੋਂ ਕਣਕ-ਝੋਨੇ ਦੇ ਰਵਾਇਤੀ ਚੱਕਰ ਨਾਲੋਂ ਕਿਤੇ ਵੱਧ ਕਮਾਈ ਹੁੰਦੀ ਅਤੇ ਇਕ ਵਾਰ ਲਾਏ ਬੂਟੇ ਕਈ ਸਾਲ ਚੱਲ ਜਾਂਦੇ ਹਨ। ਇਸ ਦੇ ਨਾਲ ਹੀ ਸਹਾਇਕ ਫ਼ਸਲਾਂ ਦੀ ਕਾਸ਼ਤ ਕਰਕੇ ਆਮਦਨ ਹੋਰ ਵਧਾਈ ਜਾ ਸਕਦੀ ਹੈ। ਡਰੈਗਨ ਦੇ ਬੂਟੇ ਨੂੰ 14 ਮਹੀਨੇ ਦੀ ਉਮਰ ਵਿੱਚ ਫ਼ਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਦੋ ਸਾਲ ਦੀ ਉਮਰ ਵਿੱਚ ਬੂਟਾ ਪੂਰਾ ਫ਼ਲ ਦੇਣਾ ਸ਼ੁਰੂ ਕਰ ਦਿੰਦਾ ਹੈ। ਡਰੈਗਨ ਦੀ ਫ਼ਸਲ ਜੁਲਾਈ ਤੋਂ ਨਵੰਬਰ ਮਹੀਨੇ ਤੱਕ ਚੱਲਦੀ ਹੈ ਜਦਕਿ ਇਸ ਦੀ ਮੰਗ ਪੂਰਾ ਸਾਲ ਰਹਿੰਦੀ ਹੈ। ਡਰੈਗਨ ਦੇ ਬੂਟੇ ਨੂੰ ਕੋਈ ਕੀੜਾ ਵਗੈਰਾ ਨਹੀਂ ਲੱਗਦਾ ਜਿਸ ਕਾਰਨ ਇਸ ’ਤੇ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਲੋੜ ਨਹੀਂ ਹੁੰਦੀ। ਪੰਜਾਬ ਵਿੱਚ ਰੈੱਡ ਡਰੈਗਨ-1, ਵ੍ਹਾਈਟ ਡਰੈਗਨ-1 ਅਤੇ ਅਮਰੀਕਨ ਬਿਊਟੀ ਸਮੇਤ ਕਈ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਡਰੈਗਨ ਨੂੰ ਝੋਨੇ ਦੇ ਮੁਕਾਬਲੇ ਮਹਿਜ਼ ਇੱਕ ਫੀਸਦੀ ਪਾਣੀ ਦੀ ਲੋੜ ਹੁੰਦੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਕਰੀਬ 15 ਹੈਕਟੇਅਰ ਰਕਬੇ ਵਿੱਚ ਕਿਸਾਨ ਡਰੈਗਨ ਦੀ ਕਾਸ਼ਤ ਕਰ ਰਹੇ ਹਨ। ਇਸੇ ਤਰ੍ਹਾਂ ਜਲੰਧਰ ਵਿੱਚ ਡਰੈਗਨ ਹੇਠਲਾ ਰਕਬਾ 9.6 ਹੈਕਟੇਅਰ, ਪਟਿਆਲਾ ਵਿੱਚ 9.4, ਲੁਧਿਅਣਾ ਵਿੱਚ 7.2, ਗੁਰਦਾਸਪੁਰ ਵਿੱਚ 6.6, ਹੁਸ਼ਿਆਰਪੁਰ ਵਿੱਚ 3.9, ਫਿਰੋਜ਼ਪੁਰ ਵਿੱਚ 2.4, ਅੰਮ੍ਰਿਤਸਰ ਵਿੱਚ 2.6, ਕਪੂਰਥਲਾ ਵਿੱਚ 2.4, ਰੋਪੜ ਵਿੱਚ 3.5, ਫ਼ਤਹਿਗੜ੍ਹ ਸਾਹਿਬ ਵਿਚ 2.8, ਮੁਕਤਸਰ ਵਿੱਚ 2.5, ਨਵਾਂ ਸ਼ਹਿਰ ਵਿੱਚ 2 ਅਤੇ ਤਰਨ ਤਾਰਨ ਵਿੱਚ 4 ਹੈਕਟੇਅਰ ਰਕਬੇ ਵਿੱਚ ਡਰੈਗਨ ਦੀ ਕਾਸ਼ਤ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦੇਸ਼ ਭਰ ਵਿੱਚੋਂ ਡਰੈਗਨ ਦੀ ਕਾਸ਼ਤ ਵਿੱਚ ਗੁਜਰਾਤ ਦੇਸ਼ ਪਹਿਲੇ, ਕਰਨਾਟਕ ਦੂਜੇ ਅਤੇ ਮਹਾਰਾਸ਼ਟਰ ਤੀਜੇ ਸਥਾਨ ਉੱਤੇ ਹੈ।

 ਡਰੈਗਨ ਦੇ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ: ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੇਵਾਲ ਦਾ ਕਿਸਾਨ ਸਤਨਾਮ ਸਿੰਘ 4 ਏਕੜ ਰਕਬੇ ਵਿੱਚ ਡਰੈਗਨ ਦੀ ਕਾਸ਼ਤ ਕਰਦਾ ਹੈ। ਸਤਨਾਮ ਸਿੰਘ ਨੇ ਡਰੈਗਨ ਦੀ ਕਾਸ਼ਤ ਸਾਲ 2016 ਵਿੱਚ ਗੁਜਰਾਤ ਦੇ ਕਿਸਾਨਾਂ ਤੋਂ ਪ੍ਰਭਾਵਿਤ ਹੋ ਕੇ 2 ਕਲਾਲ ਥਾਂ ਵਿੱਚ ਸ਼ੁਰੂ ਕੀਤੀ ਸੀ। ਉਹ ਖੁੱਲ੍ਹੇ ਵਿੱਚ ਪੋਲ ਸਿਸਟਮ ਤਹਿਤ ਡਰੈਗਨ ਦੀ ਕਾਸ਼ਤ ਕਰਦਾ ਹੈ ਪਰ ਹੁਣ ਉਸ ਨੇ ਨੈੱਟ ਹਾਊਸ ਵੀ ਲਾ ਲਿਆ ਹੈ ਤਾਂ ਜੋ ਫ਼ਸਲ ਨੂੰ ਗਰਮੀ ਅਤੇ ਸਰਦੀ ਤੋਂ ਬਚਾਇਆ ਜਾ ਸਕੇ। ਸਤਨਾਮ ਸਿੰਘ ਨੇ ਆਖਿਆ ਕਿ ਇਕ ਏਕੜ ਰਕਬੇ ਵਿੱਚ ਇਕ ਸੀਜ਼ਨ ਦੌਰਾਨ ਡਰੈਗਨ ਦਾ ਲਗਪਗ 30 ਕੁਇੰਟਨ ਉਤਪਾਦਨ ਹੁੰਦਾ ਹੈ। ਡਰੈਗਨ ਮਾਰਕੀਟ ਵਿੱਚ 150 ਤੋਂ 200 ਰੁਪਏ ਕਿੱਲੋ ਵਿਕਦਾ ਹੈ ਅਤੇ ਉਹ ਕਰੀਬ ਸਾਢੇ 4 ਲੱਖ ਰੁਪਏ ਇੱਕ ਏਕੜ ਰਕਬੇ ਵਿਚੋਂ ਕਮਾ ਲੈਂਦੇ ਹਨ। ਉਨ੍ਹਾਂ ਆਖਿਆ ਕਿ ਉਹ ਆਪਣੇ ਫਾਰਮ ’ਤੇ ਅਮਰੀਕਨ ਬਿਊਟੀ ਕਿਸਮ ਦੀ ਕਾਸ਼ਤ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਚੰਡੀਗੜ੍ਹ ਤੇ ਹੋਰ ਜ਼ਿਲ੍ਹਿਆਂ ਵਿੱਚ ਡਰੈਗਨ ਵੇਚਦੇ ਹਨ। ਭਾਰਤ ਵਿੱਚ ਡਰੈਗਨ ਦੀ ਮੰਗ ਬਹੁਤ ਜ਼ਿਆਦਾ ਹੈ ਅਤੇ ਇਹ ਫ਼ਲ ਵਿਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਡਰੈਗਨ ਦੇ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਆਖਿਆ ਕਿ ਵਿਆਹ-ਸ਼ਾਦੀਆਂ ’ਤੇ ਡਰੈਗਨ ਦੀ ਮੰਗ ਵਧਣ ਲੱਗੀ ਹੈ। ਡਾਕਟਰ ਡੇਂਗੂ ਤੇ ਚਿਕਨਗੁਨੀਆ ਦੇ ਮਰੀਜ਼ਾਂ ਨੂੰ ਵੀ ਡਰੈਗਨ ਖਾਣ ਦੀ ਸਲਾਹ ਦਿੰਦੇ ਹਨ।

ਰਮਨ ਸਲਾਰੀਆ ਨੇ ਇੰਜਨੀਅਰ ਦੀ ਨੌਕਰੀ ਛੱਡ ਕੇ ਡਰੈਗਨ ਲਾਇਆ- ਪਠਾਨਕੋਟ ਜ਼ਿਲ੍ਹੇ ਦੇ ਪਿੰਡ ਜੰਗਲ ਦਾ ਰਹਿਣ ਵਾਲਾ ਕਿਸਾਨ ਰਮਨ ਸਲਾਰੀਆ ਇਕ ਏਕੜ ਰਕਬੇ ਵਿੱਚ ਡਰੈਗਨ ਦੀ ਕਾਸ਼ਤ ਕਰਦਾ ਹੈ। ਉਸ ਨੇ ਸਿਵਲ ਇੰਜਨੀਅਰ ਦੀ ਨੌਕਰੀ ਛੱਡ ਕੇ ਡਰੈਗਨ ਲਾਇਆ ਹੈ। ਸ਼ੁਰੂਆਤ ਵਿੱਚ ਉਸ ਨੇ ਚਾਰ ਕਨਾਲ ਥਾਂ ਵਿੱਚ ਡਰੈਗਨ ਲਾਏ ਸਨ ਅਤੇ ਹੁਣ ਉਸ ਨੇ ਡਰੈਗਨ ਹੇਠਲਾ ਰਕਬਾ ਵਧਾ ਇੱਕ ਏਕੜ ਕਰ ਲਿਆ। ਉਨ੍ਹਾਂ ਆਖਿਆ ਕਿ ਉਸ ਨੇ ਇਕ ਏਕੜ ਥਾਂ ਵਿੱਚ 500 ਪੋਲ ਲਾਏ ਹਨ ਅਤੇ ਇਕ ਪੋਲ ’ਤੇ ਚਾਰ ਬੂਟੇ ਲੱਗੇ ਹਨ ਜਿਨ੍ਹਾਂ ਤੋਂ ਕਰੀਬ ਪ੍ਰਤੀ ਪੋਲ 5 ਕਿਲੋ ਉਤਪਾਦਨ ਹੁੰਦਾ ਹੈ। ਇਸ ਤਰ੍ਹਾਂ ਇੱਕ ਏਕੜ ’ਚੋਂ 25 ਕੁਇੰਟਲ ਉਤਪਾਦਨ ਹੁੰਦਾ ਹੈ ਅਤੇ ਉਹ ਡਰੈਗਨ ਨੂੰ ਕਰੀਬ 250 ਰੁਪਏ ਪ੍ਰਤੀ ਕਿੱਲੋ ਵੇਚਦੇ ਹਨ। ਉਨ੍ਹਾਂ ਆਖਿਆ ਕਿ ਫ਼ਸਲ ਦਾ ਉਤਪਾਦਨ ਜੂਨ-ਜੁਲਾਈ ਮਹੀਨੇ ਸ਼ੁਰੂ ਹੋ ਜਾਂਦਾ ਹੈ ਪਰ ਗਰਮੀ ਵਿਚ ਫ਼ਸਲ ਦਾ ਭਾਅ ਘੱਟ ਮਿਲਦਾ ਹੈ ਕਿਉਂਕਿ ਉਦੋਂ ਹੋਰ ਰਾਜਾਂ ਤੋਂ ਡਰੈਗਨ ਪੰਜਾਬ ਵਿਚ ਵਿਕਣ ਆਉਂਦਾ ਹੈ ਪਰ ਨਵੰਬਰ-ਦਸੰਬਰ ਮਹੀਨੇ ਡਰੈਗਨ ਦਾ ਚੰਗਾ ਭਾਅ ਮਿਲਦਾ ਹੈ।

ਕਿਸਾਨ ਅਮਨਦੀਪ ਨੂੰ ਸੋਸ਼ਲ ਮੀਡੀਆ ਤੋਂ ਲੱਗੀ ਡਰੈਗਨ ਦੀ ਚੇਟਕ- ਮਾਨਸਾ ਜ਼ਿਲ੍ਹੇ ਦੇ ਪਿੰਡ ਭਾਦੜਾ ਦਾ 29 ਸਾਲਾ ਕਿਸਾਨ ਅਮਨਦੀਪ ਸਿੰਘ ਪਿਛਲੇ ਪੰਜ ਸਾਲਾਂ ਤੋਂ ਡਰੈਗਨ ਦੀ ਕਾਸ਼ਤ ਕਰ ਰਿਹਾ ਹੈ। ਉਸ ਨੂੰ ਸੋਸ਼ਲ ਮੀਡੀਆ ਤੋਂ ਡਰੈਗਨ ਦੀ ਚੇਟਕ ਲੱਗੀ। ਫਿਰ ਉਸ ਨੇ ਗੁਜਰਾਤ ਅਤੇ ਮਹਾਰਾਸ਼ਟਰ ਜਾ ਕੇ ਕਿਸਾਨਾਂ ਦੇ ਫਾਰਮ ਦੇਖੇ ਅਤੇ ਉਨ੍ਹਾਂ ਕੋਲੋਂ ਸਲਾਹ ਲਈ। ਸ਼ੁਰੂਆਤ ਵਿਚ ਉਸ ਨੇ ਇਕ ਏਕੜ ਰਕਬੇ ਵਿਚ ਡਰੈਗਨ ਲਾਏ ਜਿਸ ਨੂੰ ਹੁਣ ਉਸ ਨੇ ਵਧਾ ਕੇ ਤਿੰਨ ਏਕੜ ਕਰ ਲਿਆ ਹੈ। ਅਮਨਦੀਪ ਪੋਲ ਸਿਸਟਮ ਦੀ ਬਜਾਏ ਅੰਗੂਰਾਂ ਦੀ ਵੇਲ ਵਾਂਗ ਡਰੈਗਨ ਦੀ ਕਾਸ਼ਤ ਕਰ ਰਿਹਾ ਹੈ। ਉਸ ਨੇ ਡੇਢ-ਡੇਢ ਫੁੱਟ ਦੀ ਦੂਰੀ ’ਤੇ ਦੋ-ਦੋ ਬੂਟੇ ਲਾ ਕੇ ਬਾਂਸ ਦੀ ਮਦਦ ਨਾਲ ਡਰੈਗਨ ਤਾਰਾਂ ਨਾਲ ਉਪਰ ਚੜ੍ਹਾਏ ਹੋਏ ਹਨ। ਉਨ੍ਹਾਂ ਆਖਿਆ ਕਿ ਮੰਡੀਕਰਨ ਬਹੁਤ ਸੌਖਾ ਹੈ ਅਤੇ ਉਹ ਸੁਨਾਮ ਦੀ ਮੰਡੀ ਵਿੱਚ ਆਪਣਾ ਡਰੈਗਨ ਵਪਾਰੀਆਂ ਨੂੰ ਡੇਢ ਸੌ ਰੁਪਏ ਕਿੱਲੋ ਵੇਚ ਦਿੰਦਾ ਹੈ। ਉਨ੍ਹਾਂ ਆਖਿਆ ਕਿ ਉਹ ਡਰੈਗਨ ਦੀ ਨਰਸਰੀ ਵੀ ਚਲਾ ਰਿਹਾ ਹੈ ਅਤੇ ਪ੍ਰਤੀ ਬੂਟਾ 30-40 ਰੁਪਏ ਵੇਚਦਾ ਹੈ। ਉਹ ਸਾਲਾਨਾ 25 ਹਜ਼ਾਰ ਰੁਪਏ ਦੀਆਂ ਕਲਮਾਂ ਵੇਚ ਦਿੰਦਾ ਹੈ ਜਿਸ ਨਾਲ ਉਨ੍ਹਾਂ ਦੇ ਖਰਚੇ ਨਿਕਲ ਆਉਂਦੇ ਹਨ।

ਸਹਾਇਕ ਫ਼ਸਲਾਂ ਵੀ ਬੀਜ ਸਕਦੇ ਹਨ ਕਿਸਾਨ- ਡਰੈਗਨ ਦੀ ਖੇਤੀ ਬੈੱਡ ਬਣਾ ਕੇ ਪੋਲ ਸਿਸਟਮ ਰਾਹੀਂ ਕੀਤੀ ਜਾਂਦੀ ਹੈ। ਦੋ ਬੈੱਡਾਂ ਵਿਚਾਲੇ ਕਰੀਬ 13 ਫੁੱਟ ਦਾ ਫਾਸਲਾ ਹੁੰਦਾ ਹੈ ਜਦਕਿ ਇਕ ਪੋਲ ’ਤੇ ਚਾਰ ਬੂਟੇ ਲਾਏ ਜਾਂਦੇ ਹਨ ਅਤੇ ਪੋਲ ਤੋਂ ਪੋਲ ਦੀ ਦੂਰੀ ਕਰੀਬ 5 ਤੋਂ 6 ਫੁੱਟੀ ਹੁੰਦੀ ਹੈ। ਇਸ ਤਰ੍ਹਾਂ ਕਿਸਾਨ ਦੋਵੇਂ ਪੋਲਾਂ ਵਿਚਾਲੇ ਬਚਦੀ ਥਾਂ ਵਿੱਚ ਸਰ੍ਹੋਂ, ਛੋਨੇ, ਭਿੰਡੀ, ਹਲਦੀ, ਕੱਦੂ, ਪੇਠਾ, ਹਰੀ ਮਿਰਚ, ਸ਼ਿਮਲਾ ਮਿਰਚ, ਚੱਪਣ ਕੱਦੂ, ਸਮੇਤ ਹੋਰ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹਨ। ਕੁਝ ਕਿਸਾਨ ਡਰੈਗਨ ਦੀ ਖੇਤੀ ਦੇ ਨਾਲ-ਨਾਲ ਨਰਸਰੀ ਵੀ ਤਿਆਰ ਕਰਦੇ ਹਨ ਅਤੇ ਉਹ ਡਰੈਗਨ ਦੀਆਂ ਕਲਮਾਂ ਤੇ ਸਹਾਇਕ ਖੇਤੀ ਤੋਂ ਆਪਣੇ ਖਰਚੇ ਪੂਰੇ ਕਰਦੇ ਹਨ।

ਬਗੀਚੀਆਂ ਵਿੱਚ ਸ਼ੁਰੂ ਹੋਈ ਸੀ ਕਾਸ਼ਤ- ਭਾਰਤ ਵਿੱਚ ਲੋਕਾਂ ਨੇ 1990 ਦੇ ਦਹਾਕੇ ਦੌਰਾਨ ਘਰੇਲੂ ਬਗੀਚੀਆਂ ਵਿੱਚ ਡਰੈਗਨ ਦੀ ਕਾਸ਼ਤ ਸ਼ੁਰੂ ਕੀਤੀ ਸੀ। ਅਸਲ ਵਿੱਚ 2000 ਵਿਚ ਸਾਇੰਸਦਾਨਾਂ ਅਤੇ ਖੇਤੀ ਵਿਗਿਆਨੀਆਂ ਨੇ ਦੇਸ਼ ਵਿਚ ਡਰੈਗਨ ਦੀਆਂ ਸਭਾਵਨਾਵਾਂ ਨੂੰ ਪਛਾਣਿਆ ਅਤੇ ਸਾਲ 2010 ਤੱਕ ਵੱਡੀ ਪੱਧਰ ’ਤੇ ਡਰੈਗਨ ਦੀ ਵਪਾਰਕ ਕਾਸ਼ਤ ਹੋਣ ਲੱਗੀ। ਇਹ ਕੁਝ ਸਮੇਂ ਵਿੱਚ ਹੀ ਘੱਟ ਖਰਚੇ ਅਤੇ ਵੱਧ ਕਮਾਈ ਵਾਲਾ ਕਾਰੋਬਾਰ ਬਣ ਗਿਆ। ਕੇਂਦਰ ਸਰਕਾਰ ਕਿਸਾਨਾਂ ਨੂੰ ਡਰੈਗਨ ਲਈ ਮਿਸ਼ਨ ਫਾਰ ਇੰਟੀਗ੍ਰੇਟਡ ਡਿਵੈਲਪਮੈਂਟ ਆਫ ਹੌਰਟੀਕਲਚਰ (ਐੱਮ ਆਈ ਡੀ ਐੱਚ) ਤਹਿਤ ਸਬਸਿਡੀ ਮੁਹੱਈਆ ਕਰਵਾਉਂਦੀ ਹੈ। ਕੇਂਦਰ ਸਰਕਾਰ ਨੇ ਐੱਮ ਆਈ ਡੀ ਐੱਚ ਸਕੀਮ ਤਹਿਤ ਅਗਲੇ ਪੰਜ ਸਾਲਾਂ ਵਿੱਚ ਡਰੈਗਨ ਹੇਠਲਾ ਰਕਬਾ 50,000 ਕਰਨ ਦਾ ਟੀਚਾ ਮਿਥਿਆ ਹੈ। ਫਿਲਹਾਲ ਦੇਸ਼ ਭਰ ਵਿੱਚ ਡਰੈਗਨ ਦੇ ਰਕਬੇ ਦਾ ਕੋਈ ਪੱਕਾ ਅੰਕੜਾ ਉਪਲਬਧ ਨਹੀਂ ਹੈ ਪਰ ਕੁਝ ਰਿਪੋਰਟਾਂ ਮੁਤਾਬਕ ਇਹ ਰਕਬਾ 16000 ਤੋਂ 17000 ਹੈਕਟੇਅਰ ਮੰਨਿਆ ਜਾਂਦਾ ਹੈ। ਦੂਜੇ ਪਾਸੇ ਪੰਜਾਬ ਸਰਕਾਰ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਮਿਲ ਕੇ ਕਲੱਸਟਰ ਹੌਰਟੀਕਲਚਰ ਡਿਵੈਲਪਮੈਂਟ ਪ੍ਰੋਗਰਾਮ (ਸੀ ਐੱਚ ਡੀ ਪੀ) ਚਲਾ ਰਹੀ ਜਿਸ ਤਹਿਤ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ।

ਡਰੈਗਨ ਹੇਠਲਾ ਰਕਬਾ ਤੇਜ਼ੀ ਨਾਲ ਵੱਧ ਰਿਹੈ: ਬਾਗਬਾਨੀ ਵਿਭਾਗ ਪੰਜਾਬ ਦੀ ਡਾਇਰੈਕਟਰ ਸ਼ੈਲੇਂਦਰ ਕੌਰ ਨੇ ਆਖਿਆ ਕਿ ਸੂਬੇ ਵਿਚ ਡਰੈਗਨ ਫਰੂਟ ਹੇਠਲਾ ਰਕਬਾ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਡਰੈਗਨ ਤੋਂ ਰਵਾਇਤੀ ਫ਼ਸਲਾਂ ਨਾਲੋਂ ਕਿਤੇ ਵੱਧ ਕਮਾਈ ਹੁੰਦੀ ਹੈ ਅਤੇ ਉਹ ਡਰੈਗਨ ਨਾਲ ਸਹਾਇਕ ਫ਼ਸਲਾਂ ਵੀ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਹੋਰ ਕਿਸਾਨ ਡਰੈਗਨ ਦੀ ਖੇਤੀ ਸ਼ੁਰੂ ਕਰਨਗੇ।

ਸਰਕਾਰ 40 ਫੀਸਦੀ ਸਬਸਿਡੀ ਦਿੰਦੀ ਹੈ: ਬਾਗਬਾਨੀ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਹਰਮੇਲ ਸਿੰਘ ਨੇ ਆਖਿਆ ਕਿ ਜਿਹੜੇ ਕਿਸਾਨ ਡਰੈਗਨ ਦੀ ਕਾਸ਼ਤ ਸ਼ੁਰੂ ਕਰਨਾ ਚਾਹੁੰਦੇ ਹਨ, ਸਰਕਾਰ ਉਨ੍ਹਾਂ ਨੂੰ ਸਬਸਿਡੀ ਦਿੰਦੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਪ੍ਰਤੀ ਹੈਕਟੇਅਰ ਲਾਗਤ ਮੁੱਲ ਦਾ 40 ਫੀਸਦੀ ਸਬਸਿਡੀ ਦੇ ਰੂਪ ਵਿਚ ਦਿੰਦੀ ਹੈ ਅਤੇ ਇਨ੍ਹਾਂ ਪੈਸਿਆਂ ਨਾਲ ਕਿਸਾਨ ਡਰੈਗਨ ਦੇ ਬੂਟੇ ਅਤੇ ਪੋਲ ਵਗੈਰਾ ਖਰੀਦ ਸਕਦੇ ਹਨ।

ਪ੍ਰਸ਼ਾਸਨ ਪੂਰਾ ਸਹਿਯੋਗ ਕਰੇਗਾ: ਬਰਨਾਲਾ ਦੇ ਡਿਪਟੀ ਕਮਿਸ਼ਨਰ ਟੀ ਬੈਨਿਥ ਨੇ ਆਖਿਆ ਕਿ ਖੇਤੀਬਾੜੀ ਵਿਚ ਨਵੀਆਂ ਫ਼ਸਲਾਂ ਅਤੇ ਨਵੀਆਂ ਤਨਕੀਨਾਂ ਕਿਸਾਨਾਂ ਦੀ ਆਮਦਨ ਵਧਾ ਰਹੀਆਂ ਹਨ। ਉਨ੍ਹਾਂ ਕਿਸਾਨ ਸਤਨਾਮ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਤੋਂ ਉਤਸ਼ਾਹਿਤ ਹੋ ਕੇ ਹੋਰ ਕਿਸਾਨ ਵੀ ਡਰੈਗਨ ਤੋਂ ਵਧੀਆ ਕਮਾਈ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਨਵੀਆਂ ਤਕਨੀਕਾਂ, ਪਾਣੀ ਬਚਾਉਣ ਵਾਲੀਆਂ ਵਿਧੀਆਂ ਅਤੇ ਮਹਿੰਗੇ ਭਾਅ ਵਾਲੀਆਂ ਫ਼ਸਲਾਂ ਉਤਸ਼ਾਹਿਤ ਕਰਨ ਲਈ ਪੂਰਾ ਸਹਿਯੋਗ ਕਰੇਗਾ।

Related posts

ਚੈਂਪੀਅਨਜ਼ ਟਰਾਫੀ ਫਾਈਨਲ: ਨਿਊਜ਼ੀਲੈਂਡ ਨੇ ਭਾਰਤ ਅੱਗੇ 252 ਦੌੜਾਂ ਦਾ ਟੀਚਾ ਰੱਖਿਆ

Current Updates

ਜਥੇਦਾਰ ਸਾਹਿਬਾਨ ਨੂੰ ਗੈਰ-ਰਸਮੀ ਢੰਗ ਨਾਲ ਹਟਾਉਣਾ ਅਕਾਲੀਆਂ ਦੀ ਬਦਲਾਖੋਰੀ ਵਾਲੀ ਕਾਰਵਾਈ-ਮੁੱਖ ਮੰਤਰੀ ਕਾਰਵਾਈ ਨੂੰ ਮੰਦਭਾਗਾ ਦੱਸਿਆ

Current Updates

ਪੰਜਾਬ ਦੇ ਤਿੱਖੇ ਰੋਹ ਪਿੱਛੋਂ ਕੇਂਦਰ ਪਿੱਛੇ ਹਟਿਆ

Current Updates

Leave a Comment