ਸ੍ਰੀਨਗਰ- ਜੰਮੂ ਅਤੇ ਕਸ਼ਮੀਰ ਵਿੱਚ ਸਖਤ ਠੰਢ ਦਾ ਦੌਰ ਕਈ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਨਾਲ ਸ਼ੁਰੂ ਹੋਇਆ। ਇਸ ਖੇਤਰ ਵਿਚ 40 ਦਿਨ ਖਾਸੀ ਠੰਢ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਚਿੱਲਾਈ ਕਲਾਂ ਕਿਹਾ ਜਾਂਦਾ ਹੈ। ਇਹ ਦੌਰ 21 ਦਸੰਬਰ ਨੂੰ ਸ਼ੁਰੂ ਹੋਇਆ ਅਤੇ 31 ਜਨਵਰੀ ਨੂੰ ਖਤਮ ਹੋਵੇਗਾ। ਇਸ ਖੇਤਰ ਵਿੱਚ ਬਰਫਬਾਰੀ ਆਮ ਤੌਰ ’ਤੇ ਹੁੰਦੀ ਹੈ। ਇਸ ਸਮੇਂ ਦੌਰਾਨ ਤਾਪਮਾਨ ਅਕਸਰ ਮਨਫੀ ਤੋਂ ਹੇਠਾਂ ਪੁੱਜ ਜਾਂਦਾ ਹੈ ਜਿਸ ਨਾਲ ਜਲ ਸਰੋਤ ਜੰਮ ਜਾਂਦੇ ਹਨ, ਜਿਸ ਵਿੱਚ ਸ੍ਰੀਨਗਰ ਦੀ ਡੱਲ ਝੀਲ ਦੇ ਕੁਝ ਹਿੱਸੇ ਸ਼ਾਮਲ ਹਨ।
ਸ੍ਰੀਨਗਰ ਦੇ ਨਾਲ ਜੰਮੂ ਕਸ਼ਮੀਰ ਦੇ ਇਕ ਹੋਰ ਹਿੱਸੇ ਅਨੰਤਨਾਗ ਵਿਚ ਸੀਜ਼ਨ ਦੀ ਪਹਿਲੀ ਬਾਰਿਸ਼ ਹੋਈ। ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਵਿੱਚ ਨਿਵਾਸੀਆਂ ਅਤੇ ਸੈਲਾਨੀਆਂ ਨੇ ਸਰਦੀਆਂ ਵਿਚ ਬਰਫਬਾਰੀ ਦਾ ਆਨੰਦ ਮਾਣਿਆ। ਇਸ ਦੌਰਾਨ ਵਾਹਨਾਂ, ਇਮਾਰਤਾਂ ਅਤੇ ਸੜਕਾਂ ’ਤੇ ਬਰਫ ਜੰਮ ਗਈ। ਕਸ਼ਮੀਰ ਘਾਟੀ ਦੇ ਸੋਨਮਰਗ ਵਿੱਚ ਐਤਵਾਰ ਨੂੰ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਜਿਸ ਨੇ ਇਸ ਖੇਤਰ ਨੂੰ ਚਿੱਟੇ ਰੰਗ ਦੀ ਮੋਟੀ ਚਾਦਰ ਵਿੱਚ ਢੱਕ ਲਿਆ।
