ਇਸਲਾਮਾਬਾਦ- ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਹਾਕ ਡਾਰ ਨੇ ਭਾਰਤ ’ਤੇ ਅੱਜ ਦੋਸ਼ ਲਾਇਆ ਹੈ ਕਿ ਉਹ (ਭਾਰਤ) ਚਨਾਬ ਦਾ ਰੁਖ ਮੋੜ ਰਿਹਾ ਹੈ ਜੋ ਜੰਗ ਵਾਂਗ ਸਮਝਿਆ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਭਾਰਤ ਸਿੰਧੂ ਜਲ ਸੰਧੀ ਨੂੰ ਲਗਾਤਾਰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਇਸ ਵਿਘਨ ਨੂੰ Act of War ਮੰਨਿਆ ਜਾਵੇਗਾ। ਡਾਰ ਜੋ ਵਿਦੇਸ਼ ਮੰਤਰੀ ਵੀ ਹਨ, ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਤੋਂ ਚਨਾਬ ਨਦੀ ਦਾ ਰੁਖ਼ ਮੋੜਨ ਬਾਰੇ ਸਪੱਸ਼ਟੀਕਰਨ ਮੰਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਦਾ ਇਹ ਕਦਮ ਦੱਖਣੀ ਏਸ਼ੀਆ ਖਿੱਤੇ ਦੀ ਸ਼ਾਂਤੀ ਤੇ ਸਥਿਰਤਾ ਲਈ ਵੱਡਾ ਖਤਰਾ ਹੈ।
ਸਿੰਧੂ ਜਲ ਸੰਧੀ 1960 ਵਿਚ ਭਾਰਤ ਤੇ ਪਾਕਿਸਤਾਨ ਵਿਚ ਵਿਸ਼ਵ ਬੈਂਕ ਦੀ ਸਾਲਸੀ ਨਾਲ ਸਿਰੇ ਚੜ੍ਹੀ ਸੀ। ਇਸ ਸੰਧੀ ਤਹਿਤ ਤਿੰਨ ਦਰਿਆ ਰਾਵੀ, ਬਿਆਸ ਤੇ ਸਤਲੁਜ ਭਾਰਤ ਵੱਲ ਜਦਕਿ ਤਿੰਨ ਪੱਛਮੀ ਦਰਿਆ ਸਿੰਧੂ, ਜੇਹਲਮ ਤੇ ਚਨਾਬ ਪਾਕਿਸਤਾਨ ਵਿਚ ਰੱਖੇ ਗਏ ਸਨ। ਇਹ ਵੀ ਦੱਸਣਾ ਬਣਦਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਕਈ ਜੰਗਾਂ ਤੇ ਤਣਾਅ ਦੇ ਬਾਵਜੂਦ ਇਹ ਸੰਧੀ ਕਾਇਮ ਰਹੀ ਸੀ ਪਰ ਪਹਿਲਗਾਮ ਦਹਿਸ਼ਤੀ ਹਮਲੇ ਵਿਚ ਭਾਰਤੀ ਸੈਲਾਨੀਆਂ ਦੀਆਂ ਹੱਤਿਆਵਾਂ ਕਰਨ ਤੋਂ ਬਾਅਦ ਭਾਰਤ ਨੇ ਸਖਤ ਰੁਖ ਦਿਖਾਉਂਦਿਆਂ ਇਸ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਚਨਾਬ ਦਰਿਆ ਦੇ ਵਹਾਅ ਵਿੱਚ ਇਕਦਮ ਹੋਏ ਬਦਲਾਅ ’ਤੇ ਬੀਤੇ ਦਿਨੀਂ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਸ ਨੇ ਭਾਰਤ ਨੂੰ ਇੱਕ ਪੱਤਰ ਲਿਖ ਕੇ ਸਪੱਸ਼ਟੀਕਰਨ ਮੰਗਿਆ ਹੈ।
ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਹਫਤਾਵਾਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ, ‘ਸਾਡੇ ਜਲ ਕਮਿਸ਼ਨਰ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਪੱਤਰ ਲਿਖ ਕੇ ਸਿੰਧੂ ਜਲ ਸੰਧੀ ਵਿੱਚ ਦਰਜ ਪ੍ਰਕਿਰਿਆਵਾਂ ਦਾ ਪਾਲਣ ਕਰਨ ਦੇ ਮਾਮਲੇ ’ਤੇ ਸਪੱਸ਼ਟੀਕਰਨ ਮੰਗਿਆ ਹੈ। ਅਸੀਂ ਭਾਰਤ ਨੂੰ ਪਾਕਿਸਤਾਨੀ ਸਿੰਧੂ ਜਲ ਕਮਿਸ਼ਨਰ ਵਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦੇਣ, ਦਰਿਆ ਦੇ ਵਹਾਅ ਵਿੱਚ ਆਈ ਤਬਦੀਲੀ ਅਤੇ ਸਿੰਧੂ ਜਲ ਸੰਧੀ ਦੇ ਉਪਬੰਧਾਂ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਅਪੀਲ ਕਰਦੇ ਹਾਂ।’ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਪਾਕਿਸਤਾਨ ਨੇ ਕਿਹਾ ਸੀ ਕਿ 1960 ਦੀ ਸੰਧੀ ਰਾਹੀਂ ਨਿਯੰਤ੍ਰਿਤ ਕੀਤੇ ਜਾ ਰਹੇ ਪਾਣੀ ’ਤੇ ਦੇਸ਼ ਦੇ ਕਰੋੜਾਂ ਲੋਕ ਨਿਰਭਰ ਹਨ। ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਇਕ ਦਿਨ ਬਾਅਦ 23 ਅਪਰੈਲ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਦੇ ਫੈਸਲੇ ਦੇ ਆਧਾਰ ’ਤੇ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਹਮਲੇ ਵਿਚ 26 ਭਾਰਤੀ ਮਾਰੇ ਗਏ ਸਨ।
