December 1, 2025
ਖਾਸ ਖ਼ਬਰਰਾਸ਼ਟਰੀ

ਪ੍ਰਦੂਸ਼ਣ ਕਾਰਨ ਸੁਪਰੀਮ ਕੋਰਟ ਵਿੱਚ ਸਿਰਫ਼ ਵਰਚੁਅਲ ਸੁਣਵਾਈਆਂ ਲਈ ਵਿਚਾਰ ਹੋ ਸਕਦੈ: ਚੀਫ਼ ਜਸਟਿਸ

ਪ੍ਰਦੂਸ਼ਣ ਕਾਰਨ ਸੁਪਰੀਮ ਕੋਰਟ ਵਿੱਚ ਸਿਰਫ਼ ਵਰਚੁਅਲ ਸੁਣਵਾਈਆਂ ਲਈ ਵਿਚਾਰ ਹੋ ਸਕਦੈ: ਚੀਫ਼ ਜਸਟਿਸ

ਨਵੀਂ ਦਿੱਲੀ- ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਨੇ ਗੰਭੀਰ ਹਵਾ ਪ੍ਰਦੂਸ਼ਣ ਕਾਰਨ ਸੁਪਰੀਮ ਕੋਰਟ ਦੀਆਂ ਸੁਣਵਾਈਆਂ ਨੂੰ ਸਿਰਫ਼ ਵਰਚੁਅਲ ਮੋਡ ਵਿੱਚ ਤਬਦੀਲ ਕਰਨ ਦੀ ਸੰਭਾਵਨਾ ’ਤੇ ਵਿਚਾਰ ਕਰਦੇ ਹੋਏ ਕਿਹਾ ਕਿ ਇੱਕ ਦਿਨ ਪਹਿਲਾਂ ਜਦੋਂ ਉਹ ਇੱਕ ਘੰਟੇ ਦੀ ਸੈਰ ਲਈ ਗਏ ਸਨ ਤਾਂ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਸੀ। ਕਾਂਤ ਨੇ ਕਿਹਾ ਕਿ ਉਹ ਬਾਰ (ਵਕੀਲਾਂ ਦੇ ਸਮੂਹ) ਨਾਲ ਸਲਾਹ ਕਰਨ ਤੋਂ ਬਾਅਦ ਫੈਸਲਾ ਲੈਣਗੇ, ਹਾਲਾਂਕਿ ਅਦਾਲਤ ਵਿੱਚ 60 ਸਾਲ ਤੋਂ ਵੱਧ ਉਮਰ ਦੇ ਵਕੀਲਾਂ ਲਈ ਵਰਚੁਅਲ ਸੁਣਵਾਈਆਂ ਦੀ ਇਜਾਜ਼ਤ ਦੇਣ ਦਾ ਵਿਚਾਰ ਵੀ ਸਾਹਮਣੇ ਆਇਆ ਸੀ।

ਚੀਫ਼ ਜਸਟਿਸ ਨੇ ਇਹ ਟਿੱਪਣੀਆਂ ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ ਅਤੇ ਹੋਰ ਰਾਜਾਂ ਵਿੱਚ ਵੋਟਰ ਸੂਚੀਆਂ ਦੀ ਐੱਸਆਈਆਰ ਕਰਵਾਉਣ ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਦੀ ਸ਼ੁਰੂਆਤ ਵਿੱਚ ਕੀਤੀਆਂ। ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਨਿੱਜੀ ਤੌਰ ‘ਤੇ ਹਾਜ਼ਰ ਹੋਣ ਤੋਂ ਛੋਟ ਦੀ ਮੰਗ ਕੀਤੀ।
ਦਿਵੇਦੀ ਨੇ ਕਿਹਾ, “ਮੈਨੂੰ ਸਾਹ ਦੀ ਸਮੱਸਿਆ ਹੈ… ਕਿਰਪਾ ਕਰਕੇ ਮੇਰੇ ਸਹਿਯੋਗੀ ਨੂੰ ਨੋਟਸ ਲੈਣ ਦੀ ਆਗਿਆ ਦਿਓ। ਮੈਂ ਅਗਲੀ ਤਰੀਕ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣਾ ਚਾਹੁੰਦਾ ਹਾਂ,” ਉਨ੍ਹਾਂ ਅੱਗੇ ਕਿਹਾ ਕਿ ਸਵੇਰ ਦੀ ਸੈਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮੱਸਿਆਵਾਂ ਆ ਰਹੀਆਂ ਹਨ।ਉਨ੍ਹਾਂ ਕਿਹਾ, “ਮੈਂ ਤੁਹਾਡੀ ਇਜਾਜ਼ਤ ਚਾਹੁੰਦਾ ਹਾਂ। ਮੈਨੂੰ ਆਨਲਾਈਨ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ, ਮੇਰੀ ਤਬੀਅਤ ਠੀਕ ਨਹੀਂ ਹੈ।”

ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸਹਿਮਤੀ ਜਤਾਉਂਦੇ ਹੋਏ ਕਿਹਾ, “ਸਾਡੀ ਉਮਰ ਵਿੱਚ, ਅਸੀਂ ਇਸ ਖਤਰਨਕਾ ਹਵਾ ਵਿੱਚ ਸਾਹ ਲੈ ਰਹੇ ਹਾਂ ਜਦੋਂ ਏਅਰ ਕੁਆਲਿਟੀ ਇੰਡੈਕਸ (AQI) 400-500 ਹੈ।” ਸੀ.ਜੇ.ਆਈ. ਨੇ ਕਿਹਾ, “ਕੱਲ੍ਹ, ਮੈਂ ਇੱਕ ਘੰਟੇ ਲਈ ਸੈਰ ਕਰਨ ਗਿਆ ਸੀ। ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ।” ਫਿਰ, 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਕੀਲਾਂ ਨੂੰ ਨਿੱਜੀ ਤੌਰ ’ਤੇ ਸੁਣਵਾਈ ਤੋਂ ਬਾਹਰ ਰੱਖਣ ਦੀ ਸੰਭਾਵਨਾ ‘ਤੇ ਵਿਚਾਰ ਕੀਤਾ ਗਿਆ।

ਸੀ ਜੇ ਆਈ ਨੇ ਅੱਗੇ ਕਿਹਾ, “ਜੇ ਮੈਂ ਕੋਈ ਫੈਸਲਾ ਲੈਂਦਾ ਹਾਂ, ਤਾਂ ਅਸੀਂ ਪਹਿਲਾਂ ਬਾਰ ਨੂੰ ਭਰੋਸੇ ਵਿੱਚ ਲਵਾਂਗੇ। ਅਸੀਂ ਵਕੀਲਾਂ ਅਤੇ ਮੁਕੱਦਮੇਬਾਜ਼ਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੇਖਾਂਗੇ… ਜੇ ਸਾਨੂੰ ਕੋਈ ਪ੍ਰਸਤਾਵ ਮਿਲਦਾ ਹੈ, ਤਾਂ ਅਸੀਂ ਕੁਝ ਕਰਾਂਗੇ। ਮੈਂ ਸ਼ਾਮ ਨੂੰ ਅਹੁਦੇਦਾਰਾਂ ਨੂੰ ਮਿਲਾਂਗਾ ਅਤੇ ਕੁਝ ਕਦਮ ਚੁੱਕਾਂਗਾ।” ਵਰਤਮਾਨ ਵਿੱਚ ਸੁਪਰੀਮ ਕੋਰਟ ਹਾਈਬ੍ਰਿਡ ਮੋਡ ਰਾਹੀਂ ਕੰਮ ਕਰਦੀ ਹੈ ਜਿੱਥੇ ਕਾਰਵਾਈ ਭੌਤਿਕ ਅਤੇ ਵਰਚੁਅਲ ਦੋਵੇਂ ਮੋਡਾਂ ਰਾਹੀਂ ਕੀਤੀ ਜਾਂਦੀ ਹੈ। ਜ਼ਿਕਰਯੋਗ ਬੁੱਧਵਾਰ ਸਵੇਰੇ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ, ਜਿਸ ਦਾ AQI ਰੀਡਿੰਗ 335 ਰਿਹਾ।

Related posts

ਸਿਸੋਦੀਆ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

Current Updates

ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਬਾਹਰ ਮਿਲਿਆ ਬੱਚੇ ਦਾ ਸਿਰ

Current Updates

ਨਿਊਜ਼ੀਲੈਂਡ ਨੇ ਸੁਰੱਖਿਆ ਕੌਂਸਲ ’ਚ ਭਾਰਤ ਦੇ ਦਾਅਵੇ ਦਾ ਸਮਰਥਨ ਕੀਤਾ: ਲਕਸਨ

Current Updates

Leave a Comment