December 1, 2025
ਖਾਸ ਖ਼ਬਰਰਾਸ਼ਟਰੀ

ਨਫ਼ਰਤ ਭਰੇ ਭਾਸ਼ਣ ਦੀ ਹਰ ਘਟਨਾ ’ਤੇ ਕਾਨੂੰਨ ਬਣਾਉਣ ਜਾਂ ਨਿਗਰਾਨੀ ਕਰਨ ਦਾ ਇਰਾਦਾ ਨਹੀਂ

ਨਫ਼ਰਤ ਭਰੇ ਭਾਸ਼ਣ ਦੀ ਹਰ ਘਟਨਾ ’ਤੇ ਕਾਨੂੰਨ ਬਣਾਉਣ ਜਾਂ ਨਿਗਰਾਨੀ ਕਰਨ ਦਾ ਇਰਾਦਾ ਨਹੀਂ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦੇਸ਼ ਭਰ ਵਿੱਚ ਨਫ਼ਰਤ ਭਰੇ ਭਾਸ਼ਣ ਦੀ ਹਰ ਘਟਨਾ ’ਤੇ ਨਾ ਤਾਂ ਕਾਨੂੰਨ ਬਣਾਉਣਾ ਚਾਹੁੰਦਾ ਹੈ ਅਤੇ ਨਾ ਹੀ ਇਸਦੀ ਨਿਗਰਾਨੀ ਕਰਨਾ ਚਾਹੁੰਦਾ ਹੈ, ਕਿਉਂਕਿ ਵਿਧਾਨਕ ਉਪਾਅ ਪੁਲੀਸ ਸਟੇਸ਼ਨ ਅਤੇ ਹਾਈ ਕੋਰਟ ਪਹਿਲਾਂ ਹੀ ਮੌਜੂਦ ਹਨ। ਇਹ ਟਿੱਪਣੀਆਂ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕੀਤੀਆਂ, ਜੋ ਇੱਕ ਖਾਸ ਭਾਈਚਾਰੇ ਦੇ ਸਮਾਜਿਕ ਅਤੇ ਆਰਥਿਕ ਬਾਈਕਾਟ ਲਈ ਕਥਿਤ ਸੱਦਿਆਂ ਦਾ ਮੁੱਦਾ ਉਠਾਉਣ ਵਾਲੀ ਇੱਕ ਅਰਜ਼ੀ ’ਤੇ ਸੁਣਵਾਈ ਕਰ ਰਿਹਾ ਸੀ। ਬੈਂਚ ਨੇ ਕਿਹਾ, ‘‘ਅਸੀਂ ਇਸ ਪਟੀਸ਼ਨ ਦੇ ਆਸਰੇ ਵਿੱਚ ਕਾਨੂੰਨ ਨਹੀਂ ਬਣਾ ਰਹੇ ਹਾਂ। ਭਰੋਸਾ ਰੱਖੋ, ਅਸੀਂ ਇਸ ਦੇਸ਼ ਦੇ X, Y, Z ਹਿੱਸੇ ਵਿੱਚ ਹੋਣ ਵਾਲੀ ਹਰ ਛੋਟੀ ਘਟਨਾ ‘ਤੇ ਕਾਨੂੰਨ ਬਣਾਉਣ ਜਾਂ ਨਿਗਰਾਨੀ ਕਰਨ ਦੇ ਇੱਛੁਕ ਨਹੀਂ ਹਾਂ। ਹਾਈ ਕੋਰਟ ਹਨ, ਪੁਲੀਸ ਸਟੇਸ਼ਨ ਹਨ, ਵਿਧਾਨਕ ਉਪਾਅ ਹਨ। ਉਹ ਪਹਿਲਾਂ ਹੀ ਮੌਜੂਦ ਹਨ।’’

ਸਿਖਰਲੀ ਅਦਾਲਤ ਨੇ ਸ਼ੁਰੂ ਵਿੱਚ ਬਿਨੈਕਾਰ ਨੂੰ ਆਪਣੀ ਸ਼ਿਕਾਇਤ ਲੈ ਕੇ ਸਬੰਧਤ ਹਾਈ ਕੋਰਟ ਵਿੱਚ ਜਾਣ ਲਈ ਕਿਹਾ ਸੀ। ਬੈਂਚ ਨੇ ਬਿਨੈਕਾਰ ਲਈ ਮਾਮਲੇ ਵਿੱਚ ਪੇਸ਼ ਹੋ ਰਹੇ ਵਕੀਲ ਨੂੰ ਕਿਹਾ, “ਇਹ ਅਦਾਲਤ ਪੂਰੇ ਦੇਸ਼ ਵਿੱਚ ਅਜਿਹੀਆਂ ਸਾਰੀਆਂ ਘਟਨਾਵਾਂ ਦੀ ਨਿਗਰਾਨੀ ਕਿਵੇਂ ਜਾਰੀ ਰੱਖ ਸਕਦੀ ਹੈ? ਤੁਸੀਂ ਅਧਿਕਾਰੀਆਂ ਤੱਕ ਪਹੁੰਚ ਕਰੋ। ਉਨ੍ਹਾਂ ਨੂੰ ਕਾਰਵਾਈ ਕਰਨ ਦਿਓ, ਨਹੀਂ ਤਾਂ ਹਾਈ ਕੋਰਟ ਜਾਓ।”

ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਲੰਬਿਤ ਰਿੱਟ ਪਟੀਸ਼ਨ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਹੈ ਜਿਸ ਵਿੱਚ ਨਫ਼ਰਤ ਭਰੇ ਭਾਸ਼ਣ ਦਾ ਮੁੱਦਾ ਉਠਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਮੈਂ ਨਿਰਦੇਸ਼ਾਂ ਲਈ ਇੱਕ ਅਰਜ਼ੀ ਦਾਇਰ ਕੀਤੀ ਹੈ, ਅਦਾਲਤ ਦੇ ਧਿਆਨ ਵਿੱਚ ਆਰਥਿਕ ਬਾਈਕਾਟ ਲਈ ਇਨ੍ਹਾਂ ਸੱਦਿਆਂ ਦੀਆਂ ਕੁਝ ਹੋਰ ਉਦਾਹਰਣਾਂ ਲਿਆ ਰਿਹਾ ਹਾਂ ਜੋ ਸ਼ੁਰੂ ਹੋ ਗਏ ਹਨ।’’ ਅਦਾਲਤ ਵਿੱਚ ਮੌਜੂਦ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਨਤਕ ਹਿੱਤ ਕਿਸੇ ਇੱਕ ਖਾਸ ਧਰਮ ਲਈ ਚੋਣਵੇਂ ਨਹੀਂ ਹੋ ਸਕਦੇ।

ਉਨ੍ਹਾਂ ਕਿਹਾ, ‘‘ਸਾਰੇ ਧਰਮਾਂ ਵਿੱਚ ਗੰਭੀਰ ਨਫ਼ਰਤ ਭਰੇ ਭਾਸ਼ਣ ਚੱਲ ਰਹੇ ਹਨ। ਮੈਂ ਉਹ ਵੇਰਵੇ ਆਪਣੇ ਮਿੱਤਰ (ਬਿਨੈਕਾਰ) ਨੂੰ ਪ੍ਰਦਾਨ ਕਰਾਂਗਾ। ਉਸਨੂੰ ਇਸਨੂੰ ਜੋੜਨ ਦਿਓ ਅਤੇ ਇਸ ਜਨਤਕ ਮੁੱਦੇ ਨੂੰ ਪੈਨ-ਧਰਮ (pan-religion) ਦੇ ਅਧਾਰ ’ਤੇ ਅੱਗੇ ਵਧਾਉਣ ਦਿਓ।’’ ਬਿਨੈਕਾਰ ਦੇ ਵਕੀਲ ਨੇ ਕਿਹਾ ਕਿ ਉਸ ਨੇ ਇਹ ਮਾਮਲਾ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਹੈ ਕਿਉਂਕਿ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ ਹਨ। ਬੈਂਚ ਨੇ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਸੁਣਵਾਈ 9 ਦਸੰਬਰ ਨੂੰ ਹੋਵੇਗੀ।

Related posts

ਭਾਰਤ ਦਾ AI ਬਾਜ਼ਾਰ 2027 ਤੱਕ 17 ਅਰਬ ਡਾਲਰ ਨੂੰ ਛੂਹ ਸਕਦੈ

Current Updates

ਪੰਜਾਬ ’ਚ ਗਰਮੀ ਕਾਰਨ ਸਕੂਲਾਂ ਦੀਆਂ ਛੁੱਟੀਆਂ 21 ਮਈ ਤੋਂ 

Current Updates

ਟਰੰਪ ਨਾਲ ਮੀਟਿੰਗ ਉਸਾਰੂ ਬਣਾਉਣ ਲਈ ਤਿਆਰੀ ਜ਼ਰੂਰੀ: ਪੂਤਿਨ

Current Updates

Leave a Comment