ਲੰਡਨ- ਬ੍ਰਿਟੇਨ ਦੇ ਕੈਂਬਰਿਜਸ਼ਾਇਰ ’ਚ ਟਰੇਨ ਵਿਚ ਕਈ ਲੋਕਾਂ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ। ਪੁਲੀਸ ਨੇ ਸ਼ਨਿਚਰਵਾਰ ਸ਼ਾਮ ਨੂੰ ਟਰੇਨ ਰੋਕ ਕੇ ਇਸ ਘਟਨਾ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਤਾਨਵੀ ਪੁਲੀਸ ਨੇ ਦੱਸਿਆ ਕਿ ਇਸ ਘਟਨਾ ਮਗਰੋਂ 10 ਲੋਕਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਨੌਂ ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਅਤਿਵਾਦ ਵਿਰੋਧੀ ਪੁਲੀਸ ਜਾਂਚ ਵਿਚ ਸਹਿਯੋਗ ਕਰ ਰਹੀ ਹੈ। ਕੈਂਬਰਿਜਸ਼ਾਇਰ ਪੁਲੀਸ ਨੇ ਕਿਹਾ ਕਿ ਉਸ ਦੇ ਅਧਿਕਾਰੀ ਹੰਟਿੰਗਡਨ ਟਰੇਨ ਨੂੰ ਰੋਕਣ ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਮਗਰੋਂ ਬ੍ਰਿਟਿਸ਼ ਆਵਾਜਾਈ ਪੁਲੀਸ (BTP) ਨਾਲ ਮਿਲ ਕੇ ਕੰਮ ਕਰ ਰਹੇ ਹਨ। ਕੈਂਬਰਿਜਸ਼ਾਇਰ ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਹੈ, ‘‘ਸਾਨੂੰ ਸ਼ਾਮੀਂ 7:39 ਵਜੇ (ਸਥਾਨਕ ਸਮੇਂ ਮੁਤਾਬਕ) ਸੂਚਨਾ ਮਿਲੀ ਕਿ ਟਰੇਨ ਵਿੱਚ ਲੋਕਾਂ ’ਤੇ ਚਾਕੂ ਨਾਲੀ ਹਮਲਾ ਕੀਤਾ ਗਿਆ ਹੈ।’’ ਪੁਲੀਸ ਨੇ ਕਿਹਾ, ‘‘ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਟਰੇਨਾਂ ਨੂੰ ਹੰਟਿੰਗਡਨ ਵਿੱਚ ਰੋਕਿਆ ਗਿਆ ਹੈ, ਜਿੱਥੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਈ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।’’ ਉਧਰ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ “ਭਿਆਨਕ ਘਟਨਾ’ ਦੀ ਸੋਸ਼ਲ ਮੀਡੀਆ ’ਤੇ ਨਿੰਦਾ ਕਰਦਿਆਂ ਲੋਕਾਂ ਨੂੰ ਪੁਲੀਸ ਦੀ ਸਲਾਹ ਮੰਨਣ ਦੀ ਬੇਨਤੀ ਕੀਤੀ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਹੰਟਿੰਗਡਨ ਵਿੱਚ ਚਾਕੂਬਾਜ਼ੀ ਦੀ ਘਟਨਾ ਬਾਰੇ ਉਨ੍ਹਾਂ ਨੂੰ ‘ਬਹੁਤ ਦੁੱਖ’ ਹੋਇਆ ਹੈ। ਉਨ੍ਹਾਂ ਕਿਹਾ, ‘‘ਦੋ ਮਸ਼ਕੂਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਹੈ। ਮੈਨੂੰ ਜਾਂਚ ਬਾਰੇ ਨਿਯਮਤ ਜਾਣਕਾਰੀ ਦਿੱਤੀ ਜਾ ਰਹੀ ਹੈ।’’
