ਤਿਰੂਵਨੰਤਪੁਰਮ- ਸਾਊਦੀਆ ਦੀ ਜਕਾਰਤਾ ਤੋਂ ਮਦੀਨਾ ਜਾ ਰਹੀ ਉਡਾਣ ਵਿਚ ਇਕ ਯਾਤਰੀ ਦੀ ਸਿਹਤ ਵਿਗੜ ਗਈ ਜਿਸ ਕਾਰਨ ਇਸ ਉਡਾਣ ਨੂੰ ਹੰਗਾਮੀ ਹਾਲਤ ਵਿਚ ਤਿਰੂਵਨੰਤਪੁਰਮ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ। ਇੱਥੇ ਯਾਤਰੀ ਦੀ ਸਿਹਤ ਦੀ ਜਾਂਚ ਕੀਤੀ ਗਈ।
ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਜਕਾਰਤਾ ਤੋਂ ਉਡਾਣ ਭਰਨ ਵਾਲੀ ਸਾਊਦੀ ਉਡਾਣ 821 ਨੂੰ ਇੱਕ ਯਾਤਰੀ ਦੇ ਬੇਹੋਸ਼ ਹੋ ਜਾਣ ਤੋਂ ਬਾਅਦ ਇੱਥੇ ਭੇਜ ਦਿੱਤਾ ਗਿਆ। ਇਸ ਹਵਾਈ ਜਹਾਜ਼ ਦੇ ਅਮਲੇ ਨੇ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸੰਪਰਕ ਕੀਤਾ, ਜਿੱਥੇ ਐਮਰਜੈਂਸੀ ਲੈਂਡਿੰਗ ਅਤੇ ਡਾਕਟਰੀ ਸਹਾਇਤਾ ਲਈ ਪ੍ਰਬੰਧ ਕੀਤੇ ਗਏ ਸਨ। ਇਹ ਜਹਾਜ਼ ਸ਼ਾਮ 6.30 ਵਜੇ ਦੇ ਕਰੀਬ ਉਤਰਿਆ ਅਤੇ ਇੱਕ ਇੰਡੋਨੇਸ਼ਿਆਈ ਨਾਗਰਿਕ ਨੂੰ ਤੁਰੰਤ ਅਨੰਤਪੁਰੀ ਹਸਪਤਾਲ ਲਿਜਾਇਆ ਗਿਆ।
ਉਸ ਦੀ ਈਸੀਜੀ ਅਤੇ ਖੂਨ ਦੀ ਜਾਂਚ ਕੀਤੀ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਡਾਣ ਜਲਦੀ ਹੀ ਮਦੀਨਾ ਲਈ ਰਵਾਨਾ ਹੋਵੇਗੀ। ਹਵਾਈ ਉਡਾਣ ਕੰਪਨੀ ਨੇ ਕਿਹਾ ਕਿ ਉਨ੍ਹਾਂ ਵਲੋਂ ਯਾਤਰੀ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਗਈ।
