ਨਵੀਂ ਦਿੱਲੀ: ਰਣਵੀਰ ਸਿੰਘ ਦੇ 40ਵੇਂ ਦਿਨ ’ਤੇ ਨਿਰਮਾਤਾਵਾਂ ਨੇ ਅਦਾਕਾਰ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਧੁਰੰਦਰ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ ਅਤੇ ਇਹ ਫਿਲਮ 5 ਦਸੰਬਰ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂਂ ਦਾ ਸ਼ਿੰਗਾਰ ਬਣੇਗੀ। ਇਸ ਫਿਲਮ ਦਾ ਨਿਰਦੇਸ਼ਨ ਅਦਿੱਤਿਆ ਧਰ ਵੱਲੋਂ ਕੀਤਾ ਗਿਆ ਹੈ, ਜਦੋਂ ਕਿ ਜੀਓ ਸਟੂਡੀਓਜ਼ ਅਤੇ ਬੀ62 ਸਟੂਡੀਓਜ਼ ਵੱਲੋਂ ਪੇਸ਼ ਇਹ ਫਿਲਮ ਅਦਿੱਤਿਆ ਨੇ ਜੋਤੀ ਦੇਸ਼ਪਾਂਡੇ ਅਤੇ ਲੋਕੇਸ਼ ਧਰ ਦੇ ਸਹਿਯੋਗ ਨਾਲ ਬਣਾਈ ਗਈ ਹੈ। ਨਿਰਮਾਤਾਵਾਂ ਵੱਲੋਂ ਸੋਸ਼ਲ ਮੀਡੀਆ ਮੰਚਾਂ ’ਤੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ, ਜਿਸ ’ਚ ਰਣਵੀਰ ਐਕਸ਼ਨ ਕਰਦਾ ਨਜ਼ਰ ਆ ਰਿਹਾ ਹੈ। ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਅਦਾਕਾਰ ਨੇ ਟੀਜ਼ਰ ਅਪਲੋਡ ਕਰਦਿਆਂ ਕਿਹਾ, ‘ਅਣਜਾਣ ਵਿਅਕਤੀ ਦੀ ਸੱਚੀ ਕਹਾਣੀ ਤੋਂ ਪਰਦਾ ਉੱਠੇਗਾ। ਧੁਰੰਦਰ 5 ਦਸੰਬਰ ਨੂੰ’’। ਰਣਵੀਰ ਵੱਲੋਂ ਪਿਛਲੇ ਸਾਲ ਜੁਲਾਈ ਵਿੱਚ ਐਲਾਨ ਕੀਤੀ ਗਈ ਇਸ ਫਿਲਮ ਵਿੱਚ ਸੰਜੈ ਦੱਤ, ਅਕਸ਼ੈ ਖੰਨਾ, ਆਰ ਮਾਧਵਨ ਅਤੇ ਅਰਜੁਨ ਰਾਮਪਾਲ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਤੋਂ ਪਹਿਲਾਂ 2023 ਵਿੱਚ ਰਣਵੀਰ ਦੀ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਆਈ ਸੀ ਜਿਸ ਦਾ ਨਿਰਦੇਸ਼ਨ ਕਰਨ ਜੌਹਰ ਵੱਲੋਂ ਕੀਤਾ ਗਿਆ ਸੀ। ਇਸ ਵਿੱਚ ਆਲੀਆ ਭੱਟ, ਸ਼ਬਾਨਾ ਆਜ਼ਮੀ, ਧਰਮੇਂਦਰ, ਅੰਜਲੀ ਆਨੰਦ ਤੇ ਜਯਾ ਬੱਚਨ ਵੀ ਸ਼ਾਮਲ ਸੀ। ਇਹ ਫਿਲਮ ਬਾਕਸ ਆਫ਼ਿਸ ’ਤੇ ਹਿੱਟ ਹੋਈ ਸੀ।