December 1, 2025
ਖਾਸ ਖ਼ਬਰਰਾਸ਼ਟਰੀ

ਇਰਾਨ ਤੋਂ ਅਰਮੀਨੀਆ ਰਸਤੇ ਸੁਰੱਖਿਅਤ ਕੱਢੇ 100 ਤੋਂ ਵੱਧ ਭਾਰਤੀ ਵਿਦਿਆਰਥੀਆਂ ਵਾਲੀ ਉਡਾਣ ਦਿੱਲੀ ਪੁੱਜੀ

ਇਰਾਨ ਤੋਂ ਅਰਮੀਨੀਆ ਰਸਤੇ ਸੁਰੱਖਿਅਤ ਕੱਢੇ 100 ਤੋਂ ਵੱਧ ਭਾਰਤੀ ਵਿਦਿਆਰਥੀਆਂ ਵਾਲੀ ਉਡਾਣ ਦਿੱਲੀ ਪੁੱਜੀ

ਨਵੀਂ ਦਿੱਲੀ- ਜੰਗ ਦੇ ਝੰਬੇ ਇਰਾਨ ਤੋਂ ਅਰਮੀਨੀਆ ਰਸਤੇ ਸੁਰੱਖਿਅਤ ਬਾਹਰ ਕੱਢੇ 110 ਭਾਰਤੀ ਵਿਦਿਆਰਥੀ ਨੂੰ ਲੈ ਕੇ ਪਹਿਲੀ ਉਡਾਣ ਅੱਜ ਵੱਡੇ ਤੜਕੇ ਦਿੱਲੀ ਪਹੁੰਚ ਗਈ ਹੈ। ਇਜ਼ਰਾਈਲ ਤੇ ਇਰਾਨ ਵਿਚਾਲੇ ਜਾਰੀ ਟਕਰਾਅ ਦਰਮਿਆਨ ਇਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਤਹਿਰਾਨ ’ਚੋਂ ਸੁਰੱਖਿਅਤ ਬਾਹਰ ਕੱਢਣ ਮਗਰੋਂ ਸਰਹੱਦ ਰਸਤੇ ਅਰਮੀਨੀਆ ਲਿਜਾਇਆ ਗਿਆ ਸੀ। Operation Sindhu ਤਹਿਤ ਇਸ ਪੂਰੇ ਅਪਰੇਸ਼ਨ ਦਾ ਪ੍ਰਬੰਧ ਤਹਿਰਾਨ ਸਥਿਤ ਭਾਰਤੀ ਸਫ਼ਾਰਤਖਾਨੇ ਵੱਲੋਂ ਕੀਤਾ ਗਿਆ ਸੀ।

ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਤਹਿਰਾਨ ਛੱਡ ਚੁੱਕੇ ਬਾਕੀ ਭਾਰਤੀਆਂ ਨੂੰ ਵੀ ਵਾਪਸ ਲਿਆਂਦਾ ਜਾ ਰਿਹਾ ਹੈ। ਸਿੰਘ, ਜੋ ਵਾਤਾਵਰਨ, ਜੰਗਲਾਤ ਤੇ ਵਾਤਾਵਰਨ ਤਬਦੀਲੀ ਬਾਰੇ ਮੰਤਰਾਲੇ ਦੇ ਵੀ ਮੰਤਰੀ ਹਨ, ਨੇ ਕਿਹਾ, ‘‘ਅਸੀਂ ਜਹਾਜ਼ ਤਿਆਰ ਬਰ ਤਿਆਰ ਰੱਖੇ ਹਨ। ਅਸੀਂ ਅੱਜ ਇਕ ਹੋਰ ਜਹਾਜ਼ ਭੇਜ ਰਹੇ ਹਾਂ। ਅਸੀਂ ਤੁਰਕਮੇਨਿਸਤਾਨ ਵਿਚੋਂ ਕੁਝ ਹੋਰ ਲੋਕਾਂ ਨੂੰ ਕੱਢ ਰਹੇ ਹਾਂ। ਸਾਡੇ ਮਿਸ਼ਨ ਨੇ ਅਜਿਹੀ ਕਿਸੇ ਵੀ ਮਦਦ ਜਾਂ ਅਪੀਲ ਲਈ 24 ਘੰਟੇ ਫੋਨ ਲਾਈਨ ਖੁੱਲ੍ਹੀ ਰੱਖੀ ਹੈ। ਅਸੀਂ ਹਾਲਾਤ ਮੁਤਾਬਕ ਭਾਰਤੀ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਹੋਰ ਜਹਾਜ਼ ਭੇਜਾਂਗੇ।’’ ਉਨ੍ਹਾਂ ਤੁਰਕਮੇਨਿਸਤਾਨ ਤੇ ਅਰਮੀਨੀਆ ਵੱਲੋਂ ਦਿੱਤੀ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਅਰਮੀਨੀਆ ਤੋਂ ਭਾਰਤ ਪੁੱਜੇ ਕਸ਼ਮੀਰੀ ਵਿਦਿਆਰਥੀਆਂ ’ਚੋਂ ਇਕ, ਵਾਰਤਾ ਨੇ ਕਿਹਾ, ‘‘ਅਸੀਂ ਇਰਾਨ ’ਚੋਂ ਸੁਰੱਖਿਅਤ ਕੱਢੇ ਜਾਣ ਵਾਲੇ ਪਹਿਲੇ ਭਾਰਤੀਆਂ ’ਚੋਂ ਸੀ। ਹਾਲਾਤ ਕਾਫ਼ੀ ਨਾਜ਼ੁਕ ਹਨ। ਅਸੀਂ ਡਰ ਗਏ ਸੀ। ਅਸੀਂ ਭਾਰਤ ਸਰਕਾਰ ਅਤੇ ਭਾਰਤੀ ਸਫ਼ਾਰਤਖਾਨੇ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਲਿਆਉਣ ਲਈ ਬਹੁਤ ਫੁਰਤੀ ਅਤੇ ਤੇਜ਼ੀ ਨਾਲ ਕੰਮ ਕੀਤਾ।’’ ਉਸ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ, ‘‘ਸਾਡੇ ਆਲੇ ਦੁਆਲੇ  ਹਮਲਾ ਕੀਤਾ ਗਿਆ ਸੀ। ਜਦੋਂ ਭਾਰਤ ਸਰਕਾਰ ਸਾਡੇ ਦਰਵਾਜ਼ੇ ’ਤੇ ਬਹੁੜੀ ਤਾਂ ਇਹ ਘਰ ਵਰਗਾ ਮਹਿਸੂਸ ਹੋਇਆ।’’ ਉਸ ਨੇ ਕਿਹਾ ਕਿ ਅਰਮੀਨਿਆਈ ਅਧਿਕਾਰੀ ਵੀ ਬਹੁਤ ਮਦਦਗਾਰ ਸਨ।

ਦਿੱਲੀ ਵਿੱਚ ਉਤਰਨ ਵਾਲੇ ਐੱਮਬੀਬੀਐੱਸ ਵਿਦਿਆਰਥੀ ਮੀਰ ਖਲੀਫ਼ ਨੇ ਕਿਹਾ ਕਿ ਇਰਾਨ ਵਿੱਚ ਹਾਲਾਤ ਤਣਾਅਪੂਰਨ ਸਨ। ਉਸ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਮਿਜ਼ਾਈਲਾਂ ਦੇਖ ਸਕਦੇ ਸੀ। ਜੰਗ ਚੱਲ ਰਹੀ ਸੀ। ਸਾਡੇ ਆਲੇ ਦੁਆਲੇ ਬੰਬਾਰੀ ਹੋ ਰਹੀ ਸੀ। ਅਸੀਂ ਹਾਲਾਤ ਤੋਂ ਬਹੁਤ ਡਰੇ ਹੋਏ ਸੀ। ਮੈਨੂੰ ਉਮੀਦ ਹੈ ਕਿ ਅਸੀਂ ਉਹ ਦਿਨ ਦੁਬਾਰਾ ਕਦੇ ਨਹੀਂ ਦੇਖਾਂਗੇ।’’ ਖਲੀਫ਼ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਪਹਿਲਾਂ ਅਰਮੀਨੀਆ ਤੇ ਉਥੋਂ ਭਾਰਤ ਵਾਪਸ ਲਿਆਂਦਾ ਗਿਆ। ਖਲੀਫ਼ ਨੇ ਕਿਹਾ, ‘‘ਇਰਾਨ ਵਿੱਚ ਅਜੇ ਵੀ ਵਿਦਿਆਰਥੀ ਫਸੇ ਹੋਏ ਹਨ। ਉਨ੍ਹਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਭੇਜਿਆ ਜਾ ਰਿਹਾ ਹੈ। ਸਾਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਵੀ ਜਲਦੀ ਭਾਰਤ ਲਿਆਂਦਾ ਜਾਵੇਗਾ।’’

ਇੱਕ ਹੋਰ ਭਾਰਤੀ ਵਿਦਿਆਰਥੀ ਅਲੀ ਅਕਬਰ ਨੇ ਕਿਹਾ ਕਿ ਜਦੋਂ ਉਹ ਬੱਸ ਵਿੱਚ ਯਾਤਰਾ ਕਰ ਰਹੇ ਸਨ, ਤਾਂ ਉਨ੍ਹਾਂ ਨੇ ਇੱਕ ਮਿਜ਼ਾਈਲ ਅਤੇ ਇੱਕ ਡਰੋਨ ਡਿੱਗਦੇ ਦੇਖਿਆ। ਦਿੱਲੀ ਨਾਲ ਸਬੰਧਤ ਵਿਦਿਆਰਥੀ ਨੇ ਕਿਹਾ, ‘‘ਖ਼ਬਰਾਂ ਵਿੱਚ ਜੋ ਹਾਲਾਤ ਬਿਆਨੇ ਜਾ ਰਹੇ ਹਨ ਉਹ ਸੱਚ ਹੈ। ਹਾਲਾਤ ਬਹੁਤ ਹੀ ਮਾੜੇ ਹਨ। ਤਹਿਰਾਨ ਤਬਾਹ ਹੋ ਗਿਆ ਹੈ।’’ ਕੁਝ ਵਿਦਿਆਰਥੀਆਂ ਦੇ ਬੇਚੈਨ ਮਾਪਿਆਂ ਨੂੰ ਹਵਾਈ ਅੱਡੇ ਦੇ ਬਾਹਰ ਆਪਣੇ ਬੱਚਿਆਂ ਦੀ ਉਡੀਕ ਕਰਦੇ ਦੇਖਿਆ ਗਿਆ।

ਇਰਾਨ ਵਿੱਚ ਐੱਮਬੀਬੀਐੱਸ ਦੇ ਵਿਦਿਆਰਥੀ ਮਾਜ਼ ਹੈਦਰ (21) ਦੇ ਪਿਤਾ ਹੈਦਰ ਅਲੀ ਨੇ ਬਚਾਅ ਕਾਰਜਾਂ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਪੀਟੀਆਈ ਵੀਡੀਓਜ਼ ਨੂੰ ਦੱਸਿਆ, ‘‘ਅਸੀਂ ਸੱਚਮੁੱਚ ਖੁਸ਼ ਹਾਂ। ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਗਿਆ ਹੈ। ਅਸੀਂ ਇਸ ਲਈ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਾਂ। ਪਰ ਅਸੀਂ ਦੁਖੀ ਹਾਂ ਕਿ ਅਜੇ ਵੀ ਕੁਝ ਵਿਦਿਆਰਥੀ ਤਹਿਰਾਨ ਵਿੱਚ ਫਸੇ ਹੋਏ ਹਨ।’’ ਉਨ੍ਹਾਂ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਉਹ ਇਨ੍ਹਾਂ ਵਿਦਿਆਰਥੀਆਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢਣ।

ਸਮੀਰ ਆਲਮ ਦੇ ਪਿਤਾ ਪਰਵੇਜ਼ ਆਲਮ ਨੂੰ ਵੀ ਹਵਾਈ ਅੱਡੇ ’ਤੇ ਆਪਣੇ ਪੁੱਤਰ ਦੀ ਉਡੀਕ ਕਰਦੇ ਦੇਖਿਆ ਗਿਆ। ਬੁਲੰਦਸ਼ਹਿਰ ਦੇ ਰਹਿਣ ਵਾਲੇ ਪਰਵੇਜ਼ ਆਲਮ ਨੇ ਕਿਹਾ, ‘‘ਉਸ ਨੂੰ ਉਰਮੀਆ ਵਿੱਚ ਪੜ੍ਹਦੇ ਹੋਏ ਦੋ ਸਾਲ ਹੋ ਗਏ ਹਨ। ਸਭ ਕੁਝ ਠੀਕ ਸੀ ਪਰ ਹਾਲ ਹੀ ਵਿੱਚ ਹਾਲਾਤ ਵਿਗੜ ਗਏ। ਅਸੀਂ ਬਹੁਤ ਤਣਾਅ ਵਿੱਚ ਸੀ। ਪਰ ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਅਰਮੀਨੀਆ ਭੇਜ ਦਿੱਤਾ ਜਿੱਥੇ ਉਨ੍ਹਾਂ ਨੂੰ ਚੰਗੇ ਹੋਟਲਾਂ ਵਿੱਚ ਰੱਖਿਆ ਗਿਆ ਸੀ। ਅਸੀਂ ਭਾਰਤ ਸਰਕਾਰ ਦੇ ਧੰਨਵਾਦੀ ਹਾਂ।’’

ਜੰਮੂ ਅਤੇ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਨਿਕਾਸੀ ਯਤਨ ਸ਼ੁਰੂ ਕਰਨ ਲਈ ਧੰਨਵਾਦ ਕੀਤਾ ਹੈ। ਐਸੋਸੀਏਸ਼ਨ ਨੇ ਇਕ ਬਿਆਨ ਵਿਚ ਕਿਹਾ, ‘‘ਸਾਨੂੰ ਉਮੀਦ ਹੈ ਕਿ ਬਾਕੀ ਸਾਰੇ ਵਿਦਿਆਰਥੀਆਂ ਨੂੰ ਜਲਦੀ ਹੀ ਬਾਹਰ ਕੱਢ ਲਿਆ ਜਾਵੇਗਾ।”

Related posts

ਕੇਂਦਰ ਵੱਲੋਂ ਪੰਜਾਬ ਖੁਰਾਕ ਸੁਰੱਖਿਆ ਐਕਟ ਤਹਿਤ ਰਾਸ਼ਨ ਲੈ ਰਹੇ ਕਿਸੇ ਵੀ ਲਾਭਪਾਤਰੀ ਦਾ ਨਾਮ ਨਾ ਕੱਟਣ ਦਾ ਦਾਅਵਾ

Current Updates

ਕਰਨ ਔਜਲਾ ਨਾਲ ਸਟੇਜ ’ਤੇ ਨਜ਼ਰ ਆਏ ਵਿੱਕੀ ਕੌਸ਼ਲ ਤੇ ਪਰਿਨੀਤੀ ਚੋਪੜਾ

Current Updates

ਚੋਣ ਕਮਿਸ਼ਨ SIR ਵਿਰੁੱਧ ਚੁੱਕੇ ਗਏ ਇਤਰਾਜ਼ਾਂ ਨੂੰ ਹੱਲ ਕਰੇ; ਸਬੂਤ ਨਾ ਮੰਗੇ: ਮਾਨ

Current Updates

Leave a Comment