ਚੰਡੀਗੜ੍ਹ- ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਸ਼ਰਾਬ ਕਾਰੋਬਾਰ ਵਿੱਚ ਲੋਹਾ ਮਨਵਾਉਣ ਵਾਲੇ ਚੰਡੀਗੜ੍ਹ ਦੇ ਸ਼ਰਾਬ ਦੇ ਠੇਕਿਆਂ ਨੂੰ ਅੱਜ ਵੀ ਕੋਈ ਖਰੀਦਦਾਰ ਨਹੀਂ ਮਿਲ ਰਿਹਾ। ਖਰੀਦਦਾਰ ਨਾ ਮਿਲਣ ਕਰਕੇ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੂੰ ਵਾਰ-ਵਾਰ ਠੇਕਿਆਂ ਦੀ ਨਿਲਾਮੀ ਰੱਖਣੀ ਪੈ ਰਹੀ ਹੈ। ਅੱਜ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ 9 ਸ਼ਰਾਬ ਦੇ ਠੇਕਿਆਂ ਦੀ 10ਵੀਂ ਵਾਰ ਨਿਲਾਮੀ ਰੱਖੀ ਗਈ ਪਰ ਅੱਜ ਇਨ੍ਹਾਂ ਠੇਕਿਆਂ ਨੂੰ ਖਰੀਦਣ ਲਈ ਕੋਈ ਵੀ ਖਰੀਦਦਾਰ ਅੱਗੇ ਨਹੀਂ ਆਇਆ। ਹੁਣ ਯੂਟੀ ਪ੍ਰਸ਼ਾਸਨ ਵੱਲੋਂ ਬਕਾਇਆ ਰਹਿੰਦੇ 9 ਸ਼ਰਾਬ ਦੇ ਠੇਕਿਆਂ ਦੀ ਮੁੜ ਤੋਂ ਨਿਲਾਮੀ ਰੱਖੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਕਰ ਤੇ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਦੇ ਸੈਕਟਰ-7, 20 ਡੀ, 25, 35 (ਅੰਦਰੂਨੀ ਮਾਰਕੀਟ), ਸੈਕਟਰ-38 ਡੀ ਮਾਰਕੀਟ, ਸੈਕਟਰ-41 ਮਾਰਕੀਟ, ਸੈਕਟਰ-47 ਡੀ ਮਾਰਕੀਟ, ਮਨੀਮਾਜਰਾ ਅਤੇ ਕਲਾਗ੍ਰਾਮ ਦੇ ਨਜ਼ਦੀਕ ਸਥਿਤ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਰੱਖੀ ਗਈ ਸੀ। ਇਨ੍ਹਾਂ ਸ਼ਰਾਬ ਦੇ ਠੇਕਿਆਂ ਦੀ ਕੁੱਲ ਰਾਖਵੀਂ ਕੀਮਤ 31.79 ਕਰੋੜ ਰੁਪਏ ਦੇ ਕਰੀਬ ਬਣਦੀ ਹੈ ਪਰ ਇਨ੍ਹਾਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦੌਰਾਨ ਕਿਸੇ ਵੀ ਖਰੀਦਦਾਰ ਨੇ ਹਿੱਸਾ ਨਹੀਂ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰ ਤੇ ਆਬਕਾਰੀ ਵਿਭਾਗ ਆਉਣ ਵਾਲੇ ਸਮੇਂ ਵਿੱਚ ਠੇਕਿਆਂ ਨੂੰ ਰਾਖਵੀਂ ਕੀਮਤ ਤੋਂ ਘੱਟ ਭਾਅ ’ਤੇ ਨਿਲਾਮ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ।
ਵੱਧ ਕੀਮਤਾਂ ਕਰ ਕੇ ਨਹੀਂ ਮਿਲ ਰਿਹਾ ਕੋਈ ਖਰੀਦਦਾਰ: ਦਰਸ਼ਨ ਕਲੇਰ
ਚੰਡੀਗੜ੍ਹ ਵਾਈਨ ਕੰਟਰੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਕਲੇਰ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਵੱਧ ਕੀਮਤਾਂ ਕਰਕੇ ਕੋਈ ਵੀ ਖਰੀਦਦਾਰ ਸਾਹਮਣੇ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਪਹਿਲੀ ਵਾਰ ਹੋਏ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵਿੱਚ ਕੁਝ ਵਿਅਕਤੀਆਂ ਵੱਲੋਂ ਲੋੜ ਨਾਲੋਂ ਵੱਧ ਬੋਲੀ ਦਿੱਤੀ ਗਈ ਹੈ, ਜਿਸ ਕਰਕੇ ਸ਼ਰਾਬ ਦੇ ਠੇਕਿਆਂ ਦੀ ਕੀਮਤ ਵੱਧ ਗਈ। ਹਾਲਾਂਕਿ ਬੈਂਕ ਗਾਰੰਟੀ ਜਮਾਂ ਨਾ ਕਰਵਾਉਣ ਕਰਕੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਠੇਕਿਆਂ ਦੀ ਅਲਾਟਮੈਂਟ ਦੇ ਕਾਰਜਕਾਲ ਵਿੱਚੋਂ ਦੋ ਮਹੀਨੇ ਬੀਤ ਜਾਣ ਕਰਕੇ ਵੀ ਕੋਈ ਖਰੀਦਦਾਰ ਸਾਹਮਣੇ ਨਹੀਂ ਆ ਰਿਹਾ।