ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ‘ਬੰਬਾਂ ਬਾਰੇ ਬਿਆਨ’ ਮਾਮਲੇ ਵਿਚ ਅੱਜ ਮੁਹਾਲੀ ਥਾਣੇ ਵਿਚ ਕੀਤੀ ਜਾਣ ਵਾਲੀ ਪੁੱਛ ਪੜਤਾਲ ਵਿੱਚ ਸ਼ਾਮਲ ਨਹੀਂ ਹੋਏ। ਮੁਹਾਲੀ ਦੇ ਐਸਪੀ ਹਰਬੀਰ ਸਿੰਘ ਅਟਵਾਲ ਨੇ ਬੀਤੇ ਕੱਲ੍ਹ ਬਾਜਵਾ ਨੂੰ ਸੰਮਨ ਭੇਜ ਕੇ ਸੋਮਵਾਰ ਦੁਪਹਿਰੇ 12 ਵਜੇ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕਰਾਈਮ ਥਾਣਾ ਫੇਜ਼-7 ਵਿੱਚ ਜਾਂਚ ’ਚ ਸ਼ਾਮਲ ਹੋਣ ਲਈ ਸੱਦਿਆ ਸੀ। ਹਾਲਾਂਕਿ ਬਾਜਵਾ ਥਾਣੇ ਵਿੱਚ ਨਹੀਂ ਪਹੁੰਚੇ।
ਕਰੀਬ ਇੱਕ ਘੰਟਾ ਪਹਿਲਾਂ ਹੀ ਬਾਜਵਾ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਥਾਣੇ ਵਿੱਚ ਪਹੁੰਚ ਕੇ ਅਧਿਕਾਰੀਆਂ ਨੂੰ ਬਾਜਵਾ ਦੀ ਤਰਫੋਂ ਇੱਕ ਅਰਜ਼ੀ ਸੌਂਪ ਕੇ ਭਲਕੇ 15 ਅਪਰੈਲ ਤੱਕ ਪੇਸ਼ ਹੋਣ ਦੀ ਮੋਹਲਤ ਮੰਗੀ ਹੈ। ਹੁਣ ਉਹ (ਬਾਜਵਾ) ਮੰਗਲਵਾਰ ਨੂੰ ਬਾਅਦ ਦੁਪਹਿਰ 2 ਵਜੇ ਮੁਹਾਲੀ ਦੇ ਥਾਣੇ ਵਿੱਚ ਪਹੁੰਚ ਕੇ ਜਾਂਚ ਵਿੱਚ ਸ਼ਾਮਲ ਹੋਣਗੇ।
ਬਾਜਵਾ ਨੇ ਇਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਸੂਤਰਾਂ ਦੇ ਹਵਾਲੇ ਨਾਲ ਪੰਜਾਬ ਵਿੱਚ 50 ਬੰਬ ਆਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ਵਿਚੋਂ 18 ਬੰਬ ਚੱਲ ਚੁੱਕੇ ਹਨ ਅਤੇ 32 ਅਜੇ ਚੱਲਣੇ ਬਾਕੀ ਹਨ। ਇਸ ਸਬੰਧੀ ਬਾਜਵਾ ਖਿਲਾਫ਼ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕਰਾਈਮ ਥਾਣਾ ਫੇਜ਼-7 ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇੱਕ ਨਿੱਜੀ ਟੀਵੀ ਚੈਨਲ ’ਤੇ ਇੰਟਰਵਿਊ ਦੌਰਾਨ ਬਾਜਵਾ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਪੰਜਾਬ ਵਿੱਚ ਕਈ ਬੰਬ ਆਏ ਹਨ ਜਿਨ੍ਹਾਂ ’ਚੋਂ 18 ਫਟ ਚੁੱਕੇ ਹਨ ਜਦੋਂ ਕਿ 32 ਬੰਬ ਹੋਰ ਪਏ ਹਨ। ਇਸ ਮਗਰੋਂ ਸਿਆਸਤ ਭਖ਼ ਗਈ ਸੀ। ਪੰਜਾਬ ਸਰਕਾਰ ਨੇ ਕਾਫੀ ਲੰਮੇ ਸਮੇਂ ਮਗਰੋਂ ਕਿਸੇ ਸੀਨੀਅਰ ਕਾਂਗਰਸੀ ਨੇਤਾ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਬਾਜਵਾ ਵੱਲੋਂ ਪ੍ਰਾਈਵੇਟ ਟੀਵੀ ਚੈਨਲ ’ਤੇ ਇਸ ਖ਼ੁਲਾਸੇ ਮਗਰੋਂ ਜਦੋਂ ਮਾਮਲਾ ਭਖ਼ਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲੀਸ ਨੂੰ ਫ਼ੌਰੀ ਐਕਸ਼ਨ ਦੀ ਹਦਾਇਤੀ ਕੀਤੀ ਸੀ। ਇਸ ਮਗਰੋਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਬਾਜਵਾ ਦੀ ਰਿਹਾਇਸ਼ ’ਤੇ ਦਸਤਕ ਦਿੱਤੀ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਬਾਜਵਾ ਨੂੰ ਸੁਆਲ ਕੀਤੇ ਸਨ ਕਿ ਉਨ੍ਹਾਂ ਦੀ ਬੰਬਾਂ ਬਾਰੇ ਸੂਚਨਾ ਦਾ ਸਰੋਤ ਕੀ ਹੈੈ? ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇ ਬਾਜਵਾ ਕੋਲ ਅਜਿਹੀ ਸੂਚਨਾ ਹੈ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਪੰਜਾਬ ਪੁਲੀਸ ਨਾਲ ਸਾਂਝੀ ਕਰਦੇ। ਇਸ ਮਗਰੋਂ ਸੂਬਾ ਖ਼ੁਫ਼ੀਆ ਏਜੰਸੀ ਦੀ ਇੱਕ ਟੀਮ ਬਾਜਵਾ ਦੇ ਚੰਡੀਗੜ੍ਹ ਸਥਿਤ ਸੈਕਟਰ-8 ਵਿਚਲੇ ਘਰ ਵਿੱਚ ਬਿਆਨ ਦਰਜ ਕਰਨ ਪਹੁੰਚੀ ਸੀ। ਖ਼ੁਫ਼ੀਆ ਏਜੰਸੀ ਦੇ ਮੈਂਬਰਾਂ ਨੇ ਕਿਹਾ ਸੀ ਕਿ ਬਾਜਵਾ ਨੇ ਬੰਬਾਂ ਵਾਲੀ ਸੂਚਨਾ ਦਾ ਸਰੋਤ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਂਝ ਬਾਜਵਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਉਨ੍ਹਾਂ ਖ਼ਿਲਾਫ਼ ਕੋਈ ਕੇਸ ਦਰਜ ਕਰਦੇ ਹਨ ਤਾਂ ਇਹ ਸਿਆਸੀ ਬਦਲਾਖੋਰੀ ਹੋਵੇਗੀ।