ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਾਮਨਾ ਕੀਤੀ ਕਿ ‘ਅਸੀਂ ਹਮੇਸ਼ਾ ਇਕਜੁੱਟਤਾ, ਸ਼ੁਕਰਗੁਜ਼ਾਰੀ ਅਤੇ ਨਵੀਨੀਕਰਨ ਦੀ ਭਾਵਨਾ ਦਾ ਜਸ਼ਨ ਮਨਾਈਏ।’ ਵਿਸਾਖੀ ਵੈਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਦਰਸਾਉਂਦੀ ਹੈ। ਇਸ ਨੂੰ ਮੁੱਖ ਤੌਰ ’ਤੇ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਬਸੰਤ ਦੀ ਫ਼ਸਲ ਦੇ ਜਸ਼ਨ ਵਜੋਂ ਦੇਖਿਆ ਜਾਂਦਾ ਹੈ।
ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਸਾਰਿਆਂ ਨੂੰ ਖੁਸ਼ੀ ਭਰੀ ਵਿਸਾਖੀ ਦੀ ਕਾਮਨਾ! ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਨਵੀਂ ਉਮੀਦ, ਖੁਸ਼ੀ ਅਤੇ ਭਰਪੂਰਤਾ ਲਿਆਵੇ। ਅਸੀਂ ਹਮੇਸ਼ਾ ਇਕਜੁੱਟਤਾ, ਸ਼ੁਕਰਗੁਜ਼ਾਰੀ ਅਤੇ ਨਵੀਨੀਕਰਨ ਦੀ ਭਾਵਨਾ ਦਾ ਜਸ਼ਨ ਮਨਾਈਏ।’’
PM Modi pays tribute to Jallianwala Bagh massacre victims ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਕ ਵੱਖਰੀ ਪੋਸਟ ਵਿਚ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਦੇ ਪੀੜਤਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ‘ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਅਜਿੱਤ ਜਜ਼ਬੇ ਨੂੰ ਯਾਦ ਰੱਖਣਗੀਆਂ।’’ ਸਾਲ 1919 ਵਿੱਚ ਅੱਜ ਦੇ ਦਿਨ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਵਿੱਚ ਬ੍ਰਿਟਿਸ਼ ਫੌਜਾਂ ਨੇ ਰੋਲਟ ਐਕਟ, ਜਿਸ ਨੇ ਬਸਤੀਵਾਦੀ ਪ੍ਰਸ਼ਾਸਨ ਨੂੰ ਦਮਨਕਾਰੀ ਸ਼ਕਤੀਆਂ ਦਿੱਤੀਆਂ ਸਨ, ਵਿਰੁੱਧ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸੈਂਕੜੇ ਲੋਕਾਂ (ਜਿਨ੍ਹਾਂ ਵਿਚ ਬੱਚੇ, ਬਜ਼ੁਰਗ ਤੇ ਮਹਿਲਾਵਾਂ ਵੀ ਸ਼ਾਮਲ ਸਨ) ’ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਈਆਂ ਸਨ।
ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅਸੀਂ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਅਦੁੱਤੀ ਜਜ਼ਬੇ ਨੂੰ ਹਮੇਸ਼ਾ ਯਾਦ ਰੱਖਣਗੀਆਂ। ਇਹ ਸੱਚਮੁੱਚ ਸਾਡੇ ਦੇਸ਼ ਦੇ ਇਤਿਹਾਸ ਦਾ ਇੱਕ ਕਾਲਾ ਅਧਿਆਇ ਸੀ। ਉਨ੍ਹਾਂ ਦੀ ਕੁਰਬਾਨੀ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਇੱਕ ਵੱਡਾ ਮੋੜ ਬਣੀ।’’