ਕੀਵ- ਰੂਸ ਨੇ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਅੱਜ ਮਿਜ਼ਾਈਲ ਹਮਲਾ ਕਰ ਦਿੱਤਾ ਜਿਸ ਨਾਲ 32 ਤੋਂ ਵੱਧ ਜਣੇ ਮਾਰੇ ਗਏ। ਅਧਿਕਾਰੀਆਂ ਅਨੁਸਾਰ ਦੋ ਬੈਲਿਸਟਿਕ ਮਿਜ਼ਾਈਲਾਂ ਸਵੇਰੇ 10:15 ਵਜੇ ਸ਼ਹਿਰ ਦੇ ਕੇਂਦਰ ਵਿਚ ਉਸ ਵੇਲੇ ਦਾਗੀਆਂ ਗਈਆਂ ਜਦੋਂ ਲੋਕ ਹਫਤਾਵਾਰੀ ਛੁੱਟੀ ਮਨਾਉਣ ਲਈ ਇਕੱਠੇ ਹੋਏ ਸਨ। ਯੂਕਰੇਨ ਦੇ ਚੈਨਲਾਂ ’ਤੇ ਘਟਨਾ ਵਾਲੀ ਥਾਂ ਤੋਂ ਪੋਸਟ ਕੀਤੇ ਗਏ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਹਮਲੇ ਤੋਂ ਬਾਅਦ ਜ਼ਮੀਨ ’ਤੇ ਲਾਸ਼ਾਂ ਖਿੰਡੀਆਂ ਹੋਈਆਂ ਹਨ।
ਕਾਰਜਕਾਰੀ ਮੇਅਰ ਆਰਟੇਮ ਕੋਬਜ਼ਾਰ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘ ਪਾਮ ਸੰਡੇ ਮਨਾਉਣ ਲਈ ਇਕੱਠੇ ਹੋਏ ਸਾਡੇ ਭਾਈਚਾਰੇ ਨੂੰ ਭਿਆਨਕ ਦੁਖਾਂਤ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਦਸੇ ਵਿਚ 32 ਤੋਂ ਵੱਧ ਲੋਕ ਮਾਰੇ ਗਏ ਹਨ।’ ਯੂਕਰੇਨ ਦੀ ਰਾਜ ਐਮਰਜੈਂਸੀ ਸੇਵਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਮਲੇ ਵਜੋਂ ਘੱਟੋ-ਘੱਟ 32 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੱਤ ਬੱਚਿਆਂ ਸਮੇਤ 84 ਹੋਰ ਲੋਕ ਜ਼ਖਮੀ ਹੋਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਬਚਾਅ ਕਾਰਜ ਜਾਰੀ ਹਨ।
ਜ਼ਿਕਰਯੋਗ ਹੈ ਕਿ ਰੂਸ ਦਾ ਯੂਕਰੇਨ ’ਤੇ ਇਹ ਹਮਲਾ ਉਸ ਵੇਲੇ ਹੋਇਆ ਹੈ ਜਦੋਂ ਦੋ ਦਿਨ ਪਹਿਲਾਂ ਹੀ ਅਮਰੀਕੀ ਦੂਤ ਸਟੀਵ ਵਿਟਕਾਫ ਜੰਗਬੰਦੀ ਬਾਰੇ ਗੱਲਬਾਤ ਕਰਨ ਰੂਸ ਦੇ ਦੌਰੇ ’ਤੇ ਗਏ ਸਨ। ਇਸ ਦੌਰਾਨ ਉਨ੍ਹਾਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵੀ ਗੱਲਬਾਤ ਕੀਤੀ ਸੀ।