April 9, 2025
ਖਾਸ ਖ਼ਬਰਪੰਜਾਬਰਾਸ਼ਟਰੀ

ਰੁਲਦਾ ਸਿੰਘ ਕਤਲ ਕੇਸ ’ਚੋਂ ਤਾਰਾ ਤੇ ਗੋਲਡੀ ਬਰੀ

ਰੁਲਦਾ ਸਿੰਘ ਕਤਲ ਕੇਸ ’ਚੋਂ ਤਾਰਾ ਤੇ ਗੋਲਡੀ ਬਰੀ

ਪਟਿਆਲਾ-ਇੱਥੋਂ ਦੀ ਅਦਾਲਤ ਨੇ ‘ਰਾਸ਼ਟਰੀ ਸਿੱਖ ਸੰਗਤ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਰਹੇ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਅੱਜ ਜਗਤਾਰ ਸਿੰਘ ਤਾਰਾ ਅਤੇ ਟਾਈਗਰ ਫੋਰਸ ਦੇ ਆਗੂ ਰਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ ਹੈ। ਜਗਤਾਰ ਸਿੰਘ ਤਾਰਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਬੁੜੈਲ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੱਥੇ ਵਧੀਕ ਸੈਸ਼ਨ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਤਾਰਾ ਤੇ ਗੋਲਡੀ ’ਤੇ ਇਸ ਕਤਲ ਸਬੰਧੀ ਸਾਜ਼ਿਸ਼ ਘੜਨ ਦੇ ਦੋਸ਼ ਸਨ। ਦੋਵਾਂ ਵੱਲੋਂ ਪੇਸ਼ ਹੋਏ ਵਕੀਲ ਤੇ ਮਨੁੱਖੀ ਅਧਿਕਾਰਾਂ ਦੇ ਹਾਮੀ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਕਿਹਾ ਕਿ ਇਨ੍ਹਾਂ ’ਤੇ ਮੜ੍ਹੇ ਗਏ ਦੋਸ਼ਾਂ ਨੂੰ ਪੁਲੀਸ ਦਸ ਸਾਲਾਂ ਵਿਚ ਸਾਬਤ ਨਹੀਂ ਕਰ ਸਕੀ। ਜਗਤਾਰ ਸਿੰਘ ਤਾਰਾ ਨੂੰ ਅਦਾਲਤੀ ਵਿੱਚ ਨਿੱਜੀ ਤੌਰ ’ਤੇ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਦੇ ਬਾਹਰ ਪੁੱਜੇ ਕਈ ਨੌਜਵਾਨਾਂ ਨੇ ਤਾਰਾ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ।

ਰੁਲਦਾ ਸਿੰਘ ਨੂੰ ਇਥੇ ਅਨਾਜ ਮੰਡੀ ਸਥਿਤ ਉਸ ਦੀ ਰਿਹਾਇਸ਼ ਅੱਗੇ 28 ਜੁਲਾਈ 2009 ਵਿੱਚ ਅਣਪਛਾਤਿਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਉਸ ਦੀ ਦੋ ਹਫ਼ਤਿਆਂ ਮਗਰੋਂ ਪੀਜੀਆਈ ’ਚ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਤ੍ਰਿਪੜੀ ਵਿੱਚ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਇਸ ਕੇਸ ਵਿੱਚ ਦਰਸ਼ਨ ਸਿੰਘ ਮੁਕਾਰੋਂਪੁਰ, ਜਗਮੋਹਨ ਸਿੰਘ ਬਸੀ, ਗੁਰਜੰਟ ਸਿੰਘ ਖੇੜੀ, ਅਮਰਜੀਤ ਸਿੰਘ ਚੰਡੀਗੜ੍ਹ ਅਤੇ ਦਲਜੀਤ ਸਿੰਘ ਮੁੰਬਈ ਨੂੰ ਕਾਤਲਾਂ ਦੇ ਮਦਦਗਾਰਾਂ ਵਜੋਂ ਗ੍ਰਿਫ਼ਤਾਰ ਕੀਤਾ ਸੀ ਜੋ 27 ਫਰਵਰੀ 2015 ਨੂੰ ਬਰੀ ਹੋ ਗਏ ਸਨ। ਹੁਣ ਤੱਕ ਇਸ ਕੇਸ ਵਿਚੋਂ ਸੱਤ ਜਣੇ ਬਰੀ ਹੋ ਗਏ ਹਨ। ਤਾਰਾ ਸਾਲ 2004 ਵਿੱਚ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਭਿਓਰਾ ਨਾਲ ਬੁੜੈਲ ਜੇਲ੍ਹ ਵਿਚੋਂ ਸੁਰੰਗ ਰਾਹੀਂ ਫ਼ਰਾਰ ਹੋ ਗਿਆ ਸੀ। ਪੁਲੀਸ ਰਿਕਾਰਡ ਮੁਤਾਬਕ, ਇਸ ਮਗਰੋਂ ਉਹ ਪਾਕਿਸਤਾਨ ਚਲਾ ਗਿਆ ਸੀ। ਇਸੇ ਤਰ੍ਹਾਂ ਪਾਕਿਸਤਾਨ ’ਚ ਰਹਿੰਦੇ ਰਹੇ ਰਮਨਦੀਪ ਗੋਲਡੀ ਨੂੰ ਨਵੰਬਰ 2014 ਵਿੱਚ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਪਟਿਆਲਾ ਲਿਆਂਦਾ ਗਿਆ ਸੀ। ਗੋਲਡੀ ਖਿਲਾਫ਼ ਕਈ ਹੋਰ ਕੇਸ ਵੀ ਦਰਜ ਹਨ।

Related posts

ਊਸ਼ਾ ਵਾਂਸ ਦੀ ਉਪ ਰਾਸ਼ਟਰਪਤੀ ਵਜੋਂ ਚੋਣ ਕਰਦਾ, ਪਰ ਜਾਨਸ਼ੀਨ ਦੀ ਕਤਾਰ ਇੰਜ ਕੰਮ ਨਹੀਂ ਕਰਦੀ: ਟਰੰਪ

Current Updates

Bigg Boss 18 : ਅੱਧੀ ਰਾਤ ਨੂੰ ਕੰਬਲ ਦੇ ਹੇਠਾਂ ਰੋਮਾਂਟਿਕ ਹੋਏ ਚੁਮ ਡਰੰਗ-ਕਰਨਵੀਰ ਮਹਿਰਾ, ਇਜ਼ਹਾਰ ਕਰਦੇ ਹੀ ਪਿਆਰ ਚੜ੍ਹਿਆ ਪਰਵਾਨ

Current Updates

ਵੱਡੀ ਖ਼ਬਰ ! ਲੁਧਿਆਣਾ ‘ਚ ਗਿੱਲ ਗੈਂਗ ਦਾ ਪੁਲਿਸ ਮੁਲਾਜ਼ਮਾਂ ‘ਤੇ ਹਮਲਾ, ਰੈਸਟੋਰੈਂਟ ‘ਚ ਝਗੜੇ ਨੂੰ ਸੁਲਝਾਉਣ ਪੁੱਜੀ ਸੀ ਪੁਲਿਸ

Current Updates

Leave a Comment