ਸਮਾਣਾ- ਪੰਜਾਬ ਸਰਕਾਰ ਵੱਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਐੱਸਡੀਐੱਮ ਤਰਸੇਮ ਚੰਦ ਦੀ ਅਗਵਾਈ ਹੇਠ ਸਥਾਨਕ ਸ਼ਕਤੀ ਵਾਟਿਕਾ ਵਿੱਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਚ ਅਚਨਚੇਤ ਛਾਪਾ ਮਾਰ ਕੇ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਡੀਐੱਸਪੀ ਗੁਰਇਕਬਾਲ ਸਿੰਘ ਸਿੰਕਦ, ਥਾਣਾ ਸਿਟੀ ਦੇ ਮੁਖੀ ਰੌਣੀ ਸਿੰਘ, ਸਿਵਲ ਹਸਪਤਾਲ ਦੇ ਡਾ. ਗਗਨਪ੍ਰੀਤ ਸਿੰਘ ਅਤੇ ਡਾ. ਪਰਮਿੰਦਰ ਸਿੰਘ ਵੀ ਸ਼ਾਮਲ ਸਨ। ਨਸ਼ਾ ਛੁਡਾਊ ਕੇਂਦਰ ’ਚ ਚੈਕਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਐੱਸਡੀਐੱਮ ਤਰਸੇਮ ਚੰਦ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਪੁਲੀਸ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਜਿਹੜੇ ਵੀ ਨੌਜਵਾਨ ਆਪਣੇ ਰਸਤੇ ਤੋਂ ਭਟਕ ਕੇ ਨਸ਼ੇ ਕਰਨ ਲੱਗੇ ਹਨ। ਉਨ੍ਹਾਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਪੰਜਾਬ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਤੇ ਉਨ੍ਹਾਂ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਅਧਿਕਾਰੀਆਂ ਨੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਨਸ਼ਾ ਛੁਡਾਉ ਕੇਂਦਰ ਦੇ ਡਾ. ਰੋਹਨ ਕਾਲਰਾ ਨੇ ਦੱਸਿਆ ਕਿ 2019 ਤੋਂ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਚ ਰੋਜ਼ਾਨਾ 100 ਤੋਂ 120 ਲੋਕ ਦਵਾਈ ਲੈਣ ਆ ਰਹੇ ਹਨ। ਇਨ੍ਹਾਂ ਵਿਚੋਂ 4-5 ਪੁਰਾਣੇ ਲੋਕ ਦਵਾਈ ਲੈਣਾ ਛੱਡ ਜਾਂਦੇ ਹਨ ਅਤੇ ਇੰਨੇ ਹੀ ਨਵੇਂ ਲੋਕ ਆ ਜਾਂਦੇ ਹਨ। ਇਸ ਮੌਕੇ ਸਿਵਲ ਹਸਪਤਾਲ ਦੇ ਡਾ. ਗਗਨਪ੍ਰੀਤ ਸਿੰਘ ਅਤੇ ਡਾ. ਪਰਮਿੰਦਰ ਸਿੰਘ ਨੇ ਹਸਪਤਾਲ ’ਚ ਪੂਰੀਆਂ ਸਹੂਲਤਾ ਹੋਣ ਅਤੇ ਕੋਈ ਵੀ ਗੈਰ-ਕਾਨੂੰਨੀ ਦਵਾਈ ਨਾ ਮਿਲਣ ਦੀ ਪੁਸ਼ਟੀ ਕੀਤੀ।
previous post