ਪਟਿਆਲਾ- ਸਯੁੰਕਤ ਕਿਸਾਨ ਮੋਰਚਾ ਵੱਲੋਂ ਕਿਸਾਨਾਂ ਦੀਆਂ ਮੰਨਵਾਉਣ ਲਈ 5 ਮਾਰਚ ਤੋਂ ਚੰਡੀਗੜ੍ਹ ’ਚ ਲਾਏ ਜਾਣ ਵਾਲੇ ਮੋਰਚੇ ਦੇ ਚੱਲਦਿਆਂ ਅੱਜ ਪਟਿਆਲਾ ਪੁਲੀਸ ਵੱਲੋਂ ਜ਼ਿਲ੍ਹੇ ’ਚ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲੀਸ ਨੇ ਇਨ੍ਹਾਂ ’ਚੋਂ ਬਹੁਤਿਆਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਉਂਜ ਪੁਲੀਸ ਇਸ ਮਾਮਲੇ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਫੇਰ ਵੀ ਆਹਲਾ ਮਿਆਰੀ ਸੂਤਰਾਂ ਅਨੁਸਾਰ ਪੁਲੀਸ ਵੱਲੋਂ ਚੁੱਕੇ ਗਏ ਕਈ ਕਿਸਾਨ ਆਗੂਆਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਕਈਆਂ ਦੇ ਘਰ ਛਾਪੇ ਮਾਰੇ ਗਏ ਪਰ ਉਹ ਜਾਂ ਤਾਂ ਪਹਿਲਾਂ ਹੀ ਘਰ ਨਹੀਂ ਸਨ ਜਾਂ ਫੇਰ ਛਾਪੇ ਮੌਕੇ ਖਿਸਕ ਗਏ। ਪਟਿਆਲਾ ਜਮਹੂਰੀ ਅਧਿਕਾਰ ਸਭ ਪਟਿਆਲਾ ਦੇ ਪ੍ਰਧਾਨ ਪ੍ਰੋ. ਰਣਜੀਤ ਘੁੰਮਣ, ਸਕੱਤਰ ਵਿਧੁ ਸ਼ੇਖਰ ਭਾਰਦਵਾਜ ਨੇ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੀ ਨਿਖੇਧੀ ਕੀਤੀ ਹੈ।ਜਾਣਕਾਰੀ ਅਨੁਸਾਰ ਗੁਲਜ਼ਾਰ ਸਲੇਮਪੁਰ, ਪਵਨ ਸੋਗਲਪੁਰ, ਚਰਨਜੀਤ ਝੂੰਗੀਆਂ ਤੇ ਰਾਮ ਲਾਲ ਕਾਮੀ ਨੂੰ ਘਨੌਰ ਥਾਣੇ ਦੇ ਮੁਖੀ ਸਾਹਿਬ ਸਿੰਘ ਵਿਰਕ ਤੇ ਟੀਮ ਨੇ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਪੂਨੀਆ ਨੂੰ ਅਰਬਨ ਅਸਟੇਟ ਥਾਣੇ ਦੇ ਮੁਖੀ ਅਮਨਦੀਪ ਬਰਾੜ ਨੇ, ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਪ੍ਰੋ. ਬਾਵਾ ਸਿੰਘ ਨੂੰ ਥਾਣਾ ਤ੍ਰਿਪੜੀ ਦੇ ਮੁਖੀ ਪਰਦੀਪ ਬਾਜਵਾ ਨੇ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ ਤੇ ਡਾ. ਜਰਨੈਲ ਸਿੰਘ ਕਾਲੇਕਾ ਸਮੇਤ ਕੁਝ ਹੋਰਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਨੂੰ ਧਾਰਾ 107/151 ਦੇ ਅਧੀਨ ਐੱਸਡੀਐੱਮਜ਼ ਦੀਆਂ ਅਦਾਲਤਾਂ ’ਚ ਪੇਸ਼ ਕਰਨ ’ਤੇ ਉਥੋਂ 6 ਮਾਰਚ ਤੱਕ ਨਿਆਂਇਕ ਹਿਰਾਸਤ ’ਚ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਐੱਸਕੇਐੱਮ ਦੇ ਵੱਡੇ ਆਗੂਆਂ ਰਮਿੰਦਰ ਸਿੰਘ ਪਟਿਆਲਾ, ਜਗਮੋਹਨ ਸਿੰਘ ਉੱਪਲ, ਡਾ ਦਰਸ਼ਨਪਾਲ ਸਮੇਤ ਮਾਸਟਰ ਬਲਰਾਜ ਜੋਸ਼ੀ, ਸਤਵੰਤ ਵਜੀਦਪੁਰ, ਅਵਤਾਰ ਕੌਰਜੀਵਾਲਾ, ਕੁਲਵੰਤ ਮੌਲਵੀਵਾਲਾ, ਜਸਵਿੰਦਰ ਮੋਹਣੀ, ਕੁਲਬੀਰ ਟੋਡਰਪੁਰ, ਗੁਰਵਿੰਦਰ ਤੇ ਜਸਵੀਰ ਫਤਿਹਪੁਰ ਸਮੇਤ ਕਈ ਹੋਰਨਾਂ ਦੇ ਘਰੇ ਛਾਪੇ ਮਾਰੇ ਗਏ। ਕਾਂਗਰਸ ਨਾਲ ਸਬੰਧਤ ਕਿਸਾਨ ਆਗੂ ਰਛਪਾਲ ਜੌੜੇਮਾਜਰਾ ਨੂੰ ਪੁਲੀਸ ਨੇ ਸੂਲਰ ਪਿੰਡ ਵਿੱਚ ਸਥਿਤ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਇਹ ਵੀ ਪਤਾ ਲੱਗਾ ਹੈ ਥਾਣਾ ਭਾਦਸੋਂ ਅਤੇ ਨਾਭਾ ਖੇਤਰ ਵਿਚੋਂ ਗ੍ਰਿਫ਼ਤਾਰ ਕੀਤੇ ਗਏ ਜਰਨੈਲ ਸਿੰਘ ਮੰਡੌਰ, ਓਂਕਾਰ ਸਿੰਘ ਅਗੌਲ, ਘੁੰਮਣ ਸਿੰਘ ਰਾਜਗੜ੍ਹ, ਨੇਪਾਲ ਸਿੰਘ ਰਾਜੇਵਾਲ ਤੇ ਗੁਰਮੇਲ ਸਿੰਘਵਾਲਾ ਨੂੰ ਜੇਲ੍ਹ ਭੇਜਿਆ ਗਿਆ ਹੈ।