ਲੁਧਿਆਣਾ-ਲੁਧਿਆਣਾ ਪੁਲੀਸ ਨੇ ਸੋਮਵਾਰ ਨੂੰ ਲਿਪਸੀ ਮਿੱਤਲ ਦੀ ਹੱਤਿਆ ਦੇ ਦੋਸ਼ਾਂ ਹੇਠ ਵਪਾਰੀ ਅਤੇ ਆਪ ਆਗੂ ਅਨੋਖ ਮਿੱਤਲ ਨੂੰ ਉਸਦੀ ਮਹਿਲਾ ਦੋਸਤ ਪ੍ਰਤੀਕਸ਼ਾ ਸਮੇਤ ਗ੍ਰਿਫਤਾਰ ਕੀਤਾ ਹੈ।ਇਸ ਕੇਸ ਵਿਚ ਪੁਲੀਸ ਨੇ ਚਾਰ ਸੁਪਾਰੀ ਲੈ ਕੇ ਕਤਲ ਕਰਨ ਵਾਲਿਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਦੋਵਾਂ ਨੇ ਸੁਪਾਰੀ ਦਿੱਤੀ ਸੀ। ਇਨ੍ਹਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਬੱਲੀ (26), ਗੁਰਦੀਪ ਸਿੰਘ ਉਰਫ਼ ਮੰਨੀ (25), ਸੋਨੂੰ ਸਿੰਘ (24) ਸਾਰੇ ਵਾਸੀ ਨੰਦਪੁਰ ਅਤੇ ਸਾਗਰਦੀਪ ਸਿੰਘ ਉਰਫ਼ ਤੇਜੀ (30) ਵਾਸੀ ਢੰਡਾਰੀ ਕਲਾਂ ਵਜੋਂ ਹੋਈ ਹੈ। ਮੁੱਖ ਕੰਟਰੈਕਟ ਕਿਲਰ ਗੁਰਪ੍ਰੀਤ ਸਿੰਘ ਉਰਫ ਗੋਪੀ ਫਰਾਰ ਹੈ।
ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਰਾਤ ਡੇਹਲੋਂ ਬਾਈਪਾਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਇਕ ਔਰਤ ਦਾ ਕਤਲ ਕਰ ਦਿੱਤਾ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਿਪਸੀ ਆਪਣੇ ਪਤੀ ਅਨੋਖ ਨਾਲ ਲੁਧਿਆਣਾ-ਮਲੇਰਕੋਟਲਾ ਹਾਈਵੇਅ ‘ਤੇ ਸਥਿਤ ਪਿੰਡ ਪੋਹੀੜ ਦੇ ਇੱਕ ਰਿਜ਼ੋਰਟ ‘ਚ ਪਾਰਟੀ ਕਰਕੇ ਘਰ ਪਰਤ ਰਹੀ ਸੀ।
ਅਨੋਖ ਨੇ ਦਾਅਵਾ ਕੀਤਾ ਸੀ ਕਿ ਜਦੋਂ ਜੋੜਾ ਡੇਹਲੋਂ ਬਾਈਪਾਸ ’ਤੇ ਇਕ ਸੁੰਨਸਾਨ ਜਗ੍ਹਾ ‘ਤੇ ਰੁਕਿਆ ਸੀ ਤਾਂ ਕੁਝ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ’ਤੇ ਹਮਲਾ ਕਰਨ ਤੋਂ ਬਾਅਦ ਉਸ ਦੀ ਮਾਰੂਤੀ ਰਿਟਜ਼ ਕਾਰ, ਮੋਬਾਈਲ ਅਤੇ ਗਹਿਣੇ ਕਥਿਤ ਤੌਰ ’ਤੇ ਖੋਹ ਲਏ ਸਨ।
ਹਾਲਾਂਕਿ, ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀੜਤਾ ਦਾ ਪਤੀ ਅਨੋਖ ਮਿੱਤਲ ਇਸ ਘਟਨਾ ਦਾ ਮੁੱਖ ਸਾਜ਼ਿਸ਼ਕਰਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਆਪਣੀ ਮਹਿਲਾ ਦੋਸਤ ਨਾਲ ਮਿਲ ਕੇ ਸਾਜ਼ਿਸ਼ ਰਚੀ, ਜਿਸ ਨਾਲ ਉਸ ਦੇ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਸੀ। ਦੋਵਾਂ ਨੇ ਮਿਲ ਕੇ 50,000 ਰੁਪਏ ਪੇਸ਼ਗੀ ਦੇ ਕੇ 2.50 ਲੱਖ ਰੁਪਏ ਵਿੱਚ ਪੰਜ ਵਿਅਕਤੀਆਂ ਨੂੰ ਇਸ ਕੰਮ ਲਈ ਸੁਪਾਰੀ ਦਿੱਤੀ ਸੀ ਅਤੇ ਬਾਕੀ ਰਕਮ ਕਤਲ ਤੋਂ ਬਾਅਦ ਅਦਾ ਕੀਤੀ ਜਾਣੀ ਸੀ।