ਨਵੀਂ ਦਿੱਲੀ-ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਇਕ ਲਾਪਤਾ ਦਲਿਤ ਮਹਿਲਾ ਦੀ ਲਾਸ਼ ਨਹਿਰ ’ਚੋਂ ਮਿਲਣ ਮਗਰੋਂ ਭਾਜਪਾ ’ਤੇ ਨਿਸ਼ਾਨਾ ਸੇਧਿਆ ਅਤੇ ਦੋਸ਼ੀਆਂ ’ਤੇ ਕਾਰਵਾਈ ਨਾ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਅਯੁੱਧਿਆ ’ਚ ਲਾਪਤਾ 22 ਵਰ੍ਹਿਆਂ ਦੀ ਦਲਿਤ ਮਹਿਲਾ ਦੀ ਲਾਸ਼ ਉਸ ਦੇ ਪਿੰਡ ਨੇੜਿਉਂ ਨਹਿਰ ’ਚ ਮਿਲੀ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਦੇ ਪਰਿਵਾਰ ਨੇ ਹੱਤਿਆ ਦੇ ਦੋਸ਼ ਲਾਏ ਹਨ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਸ ਦੀਆਂ ਅੱਖਾਂ ਕੱਢ ਲਈਆਂ ਗਈਆਂ ਸਨ ਅਤੇ ਸ਼ਰੀਰ ’ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਸਨ। ਪਰਿਵਾਰ ਨੇ ਪੁਲੀਸ ਅਧਿਕਾਰੀਆਂ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਣ ਦੇ ਬਾਵਜੂਦ ਲੜਕੀ ਦੀ ਭਾਲ ਨਹੀਂ ਕੀਤੀ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਅਯੁੱਧਿਆ ’ਚ ਦਲਿਤ ਧੀ ਦੀ ਹੱਤਿਆ ਸ਼ਰਮਨਾਕ ਹੈ। ਤਿੰਨ ਦਿਨਾਂ ਤੋਂ ਗੂੰਜਦੀ ਪੀੜਤਾ ਦੇ ਪਰਿਵਾਰ ਦੀ ਮਦਦ ਦੀ ਪੁਕਾਰ ’ਤੇ ਜੇ ਪ੍ਰਸ਼ਾਸਨ ਨੇ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਅਖੀਰ ਕਦੋਂ ਤੱਕ ਅਤੇ ਕਿੰਨੇ ਪਰਿਵਾਰਾਂ ਨੂੰ ਇੰਜ ਰੋਣਾ ਪਵੇਗਾ। ਬਹੁਜਨ ਵਿਰੋਧੀ ਭਾਜਪਾ ਰਾਜ ’ਚ ਖਾਸ ਕਰਕੇ ਯੂਪੀ ’ਚ ਦਲਿਤਾਂ ’ਤੇ ਜ਼ੁਲਮ, ਅਨਿਆਂ ਅਤੇ ਹੱਤਿਆ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।’’ ਪ੍ਰਿਯੰਕਾ ਨੇ ਕਿਹਾ ਕਿ ਅਯੁੱਧਿਆ ’ਚ ਭਾਗਵਤ ਕਥਾ ਸੁਣਨ ਗਈ ਇਕ ਦਲਿਤ ਲੜਕੀ ਨਾਲ ਵਾਪਰੀ ਘਟਨਾ ਮਾਨਵਤਾ ਨੂੰ ਸ਼ਰਮਸਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਨਾਲ ਨਾਲ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਅਯੁੱਧਿਆ ਦੇ ਪੁਲੀਸ ਅਧਿਕਾਰੀ ਆਸ਼ੂਤੋਸ਼ ਤਿਵਾੜੀ ਨੇ ਕਿਹਾ ਕਿ ਗੁੰਮਸ਼ੁਦਗੀ ਦੀ ਸ਼ਿਕਾਇਤ ਮਿਲਣ ਮਗਰੋਂ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।