ਨਵੀਂ ਦਿੱਲੀ-‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਨੂੰ ਦਿੱਲੀ ਅਸੈਂਬਲੀ ਚੋਣਾਂ ਵਿੱਚ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਚੋਣਾਂ ਨੂੰ ਅਸਰਅੰਦਾਜ਼ ਕਰਨ ਲਈ ਆਪਣੇ ‘ਗੁੰਡਿਆਂ’ ਅਤੇ ਦਿੱਲੀ ਪੁਲੀਸ ਦੀ ਵਰਤੋਂ ਕਰੇਗੀ।
ਦਿੱਲੀ ਅਸੈਂਬਲੀ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਇੱਕ ਵੀਡੀਓ ਸੰਦੇਸ਼ ਵਿੱਚ, ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਪਹਿਲਾਂ ਹੀ ‘ਵੱਡੀ ਹਾਰ’ ਦੇ ਮੱਦੇਨਜ਼ਰ ਗਲਤ ਜੁਗਤਾਂ ਦਾ ਸਹਾਰਾ ਲੈ ਰਹੀ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਅਜਿਹੀਆਂ ਜੁਗਤਾਂ ਦੇ ਬਾਵਜੂਦ ‘ਆਪ’ ਇਤਿਹਾਸਕ ਜਿੱਤ ਵੱਲ ਵਧ ਰਹੀ ਹੈ ਅਤੇ ਭਾਜਪਾ ਲਈ ਪਾਰਟੀ ਦੇ ਹੋਂਦ ਵਿਚ ਆਉਣ ਮਗਰੋਂ ਇਹ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਹੋਵੇਗੀ।