ਪਟਿਆਲਾ- ਅੰਤਰਰਾਸ਼ਟਰੀ ਬਹਾਵਲਪੁਰ ਵਿਰਾਸਤ ਮੰਚ ਵੱਲੋਂ ਬਹਾਵਲਪੁਰ ਦੀ ਅਮੀਰ ਭਾਸ਼ਾਈ, ਸਾਹਿਤਕ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ, ਇਸ ਦੇ ਦਸਤਾਵੇਜ਼ੀਕਰਨ ਅਤੇ ਇਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। “ਬਹਾਵਲਪੁਰੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ: ਵਿਰਾਸਤ, ਵਰਤਮਾਨ ਅਤੇ ਭਵਿੱਖ” ਵਿਸ਼ੇ ਉੱਤੇ ਆਧਾਰਿਤ ਇਹ ਸੈਮੀਨਾਰ ਕਲ੍ਹ ਮਿਤੀ 24 ਅਕਤੂਬਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਭਾਸ਼ਾ ਭਵਨ ਦੇ ਸੈਮੀਨਾਰ ਹਾਲ ਵਿਖੇ ਹੋਵੇਗਾ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੰਚ ਦੇ ਸੰਯੋਜਕ ਸੁਰਿੰਦਰ ਕੁਮਾਰ ਤਨੇਜਾ ਨੇ ਦੱਸਿਆ ਕਿ ਇਹ ਸਮਾਗਮ ਬਹਾਵਲਪੁਰੀ ਭਾਸ਼ਾ ਅਤੇ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦਾ ਇੱਕ ਉਪਰਾਲਾ ਹੈ। ਸੈਮੀਨਾਰ ਦੌਰਾਨ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਨਿਰਦੇਸ਼ਕ, ਉੱਘੇ ਲੇਖਕ ਅਤੇ ਬਹਾਵਲਪੁਰ ਸਮਾਜ ਦੀ ਅਜ਼ੀਮ ਸ਼ਖ਼ਸੀਅਤ ਡਾ. ਮਦਨ ਲਾਲ ਹਸੀਜਾ ਮੁੱਖ ਬੁਲਾਰੇ ਸ਼ਿਰਕਤ ਕਰਨਗੇ ਅਤੇ ਵਿਸ਼ੇ ‘ਤੇ ਆਪਣਾ ਕੁੰਜੀਵਤ ਭਾਸ਼ਣ ਪੇਸ਼ ਕਰਨਗੇ। ਡਾ. ਹਸੀਜਾ ਬਹਾਵਲਪੁਰੀ ਭਾਸ਼ਾਈ ਅਤੇ ਸਭਿਆਚਾਰਕ ਵਿਰਾਸਤ ਦੇ ਇਤਿਹਾਸਕ, ਸਾਹਿਤਕ ਪੱਖਾਂ ਬਾਰੇ ਚਾਨਣਾ ਪਾਉਣ ਦੇ ਨਾਲ-ਨਾਲ ਵਰਤਮਾਨ ‘ਚ ਦਰਪੇਸ਼ ਚੁਣੌਤੀਆਂ ਦੀ ਗੱਲ ਕਰਨਗੇ। ਉਘੇ ਭਾਸ਼ਾ ਮਾਹਿਰ ਚਰਨ ਗਿਲ ਡਿਜੀਟਲ ਯੁੱਗ ਵਿੱਚ ਬਹਾਵਲਪੁਰੀ ਭਾਸ਼ਾ ਨੂੰ ਇੰਟਰਨੈਟ ਦੇ ਹਾਣ ਦੀ ਬਣਾਉਣ ਬਾਰੇ ਗੱਲ ਕਰਨਗੇ। ਇਸ ਤੋਂ ਇਲਾਵਾ ਸਮਾਗਮ ਵਿੱਚ ਬਹਾਵਲਪੁਰ ਸਮਾਜ ਦੇ ਹੋਰ ਨਾਮਵਰ ਵਿਦਵਾਨ, ਭਾਸ਼ਾ ਮਾਹਿਰ, ਬੁੱਧੀਜੀਵੀ ਅਤੇ ਸਾਹਿਤਕਾਰ ਵੀ ਵਿਸ਼ੇਸ਼ ਤੌਰ ‘ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਬੁਲਾਰੇ ਬਹਾਵਲਪੁਰੀ ਬੋਲੀ ਦੇ ਵਰਤਮਾਨ ਸਰੂਪ, ਇਸ ਦੇ ਅਮੀਰ ਇਤਿਹਾਸ ਅਤੇ ਭਵਿੱਖ ਦੀਆਂ ਸਮਾਜਿਕ ਤੇ ਸਾਹਿਤਕ ਚੁਣੌਤੀਆਂ ‘ਤੇ ਗੰਭੀਰ ਚਰਚਾ ਕਰਨਗੇ। ਇਸ ਦੌਰਾਨ ਇਹ ਵੀ ਵਿਚਾਰਿਆ ਜਾਵੇਗਾ ਕਿ ਅਲੋਪ ਹੋ ਰਹੀਆਂ ਭਾਸ਼ਾਈ ਅਤੇ ਸਭਿਆਚਾਰਕ ਪਰੰਪਰਾਵਾਂ ਨੂੰ ਕਿਸ ਪ੍ਰਕਾਰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾਵੇ।
ਸੁਰਿੰਦਰ ਕੁਮਾਰ ਤਨੇਜਾ ਅਤੇ ਅੰਤਰਰਾਸ਼ਟਰੀ ਬਹਾਵਲਪੁਰ ਵਿਰਾਸਤ ਮੰਚ ਦੀ ਸਮੂਹ ਟੀਮ ਨੇ ਸਮੂਹ ਬਹਾਵਲਪੁਰੀ ਭਾਈਚਾਰੇ, ਲੇਖਕਾਂ, ਖੋਜਾਰਥੀਆਂ, ਬੁੱਧੀਜੀਵੀਆਂ ਅਤੇ ਸੱਭਿਆਚਾਰ ਪ੍ਰੇਮੀਆਂ ਨੂੰ ਅੱਜ ਦੇ ਇਸ ਇਤਿਹਾਸਕ ਸੈਮੀਨਾਰ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।
