ਚੰਡੀਗੜ੍ਹ- ਈ ਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਅੱਜ ਅਲਵਿਦਾ ਆਖ ਦਿੱਤਾ ਹੈ। ਚਾਰ ਦਿਨ ਪਹਿਲਾਂ ਹੀ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਦਿਆਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਪੱਲਾ ਫੜਿਆ ਸੀ। ਅਚਾਨਕ ਚੰਦ ਦਿਨਾਂ ਦੇ ਵਕਫ਼ੇ ਮਗਰੋਂ ਹੀ ਸਾਬਕਾ ਅਧਿਕਾਰੀ ਵੱਲੋਂ ਆਪਣੇ ਆਪ ਨੂੰ ਇਸ ਪਾਰਟੀ ਨਾਲੋਂ ਅਲੱਗ ਕਰ ਲੈਣ ਤੋਂ ਸਿਆਸੀ ਹਲਕੇ ਹੈਰਾਨ ਹਨ।
ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਅੱਜ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਇਹ ਐਲਾਨ ਕੀਤਾ ਹੈ। ਸਾਂਝੀ ਕੀਤੀ ਪੋਸਟ ਅਨੁਸਾਰ ਨਿਰੰਜਨ ਸਿੰਘ ਨੇ ਕਿਹਾ ਕਿ ਉਸ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ, ਭ੍ਰਿਸ਼ਟਾਚਾਰ, ਗੈਂਗਸਟਰਵਾਦ, ਫਿਰੌਤੀ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਪੁਲੀਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ’ਤੇ ਇਸ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ, ਪ੍ਰੰਤੂ ਕੁਝ ਅਜਿਹੇ ਮਤਭੇਦ ਹਨ ਜੋ ਮੇਰੇ ਲਈ ਗ਼ੈਰ-ਸਮਝੌਤਾਯੋਗ ਹਨ। ਉਨ੍ਹਾਂ ਕਿਹਾ ਕਿ ਜਨਤਕ ਜੀਵਨ ਵਿੱਚ ਰਹਿਣ ਵਾਲੇ ਵਿਅਕਤੀਆਂ ਦਾ ਆਚਰਨ ਭਾਰਤੀ ਸੰਵਿਧਾਨ ਦੇ ਅਨੁਸਾਰ ਹੋਣਾ ਚਾਹੀਦਾ ਹੈ।
ਨਿਰੰਜਨ ਸਿੰਘ ਨੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ। ਦੱਸਣਯੋਗ ਹੈ ਕਿ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਅਤੇ ਪੰਜਾਬ ਪੁਲੀਸ ਦੇ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਚੰਡੀਗੜ੍ਹ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ 23 ਸਤੰਬਰ ਨੂੰ ਰਸਮੀ ਤੌਰ ’ਤੇ ਜੁਆਇਨ ਕੀਤਾ ਸੀ। ਚਰਚੇ ਸਨ ਕਿ ਪਾਰਟੀ ਵੱਲੋਂ ਨਿਰੰਜਨ ਸਿੰਘ ਨੂੰ ਹਲਕਾ ਕਰਤਾਰਪੁਰ ਤੋਂ ਵਿਧਾਨ ਸਭਾ ਚੋਣਾਂ ਵਿੱਚ ਉਤਾਰੇ ਜਾਣ ਦੀ ਤਿਆਰੀ ਸੀ। ਜਾਣਕਾਰੀ ਅਨੁਸਾਰ ਇਸ ਪਾਰਟੀ ਵਿੱਚ ਸ਼ਮੂਲੀਅਤ ਮਗਰੋਂ ਸੋਸ਼ਲ ਮੀਡੀਆ ’ਤੇ ਨਿਰੰਜਨ ਸਿੰਘ ਖ਼ਿਲਾਫ਼ ਆਵਾਜ਼ ਵੀ ਭੜਕੀ ਸੀ।
