ਬਠਿੰਡਾ- ਵੀਰਵਾਰ ਦੇਰ ਰਾਤ ਤਲਵੰਡੀ ਸਾਬੋ ਨੇੜੇ ਨਸ਼ਾ ਬਰਾਮਦਗੀ ਦੀ ਕਾਰਵਾਈ ਦੌਰਾਨ ਇੱਕ ਵਿਅਕਤੀ ਨੇ ਬਠਿੰਡਾ ਐਂਟੀ ਨਾਰਕੋਟਿਕਸ ਸੈੱਲ ਦੇ ਸੀਨੀਅਰ ਕਾਂਸਟੇਬਲ ‘ਤੇ ਕਥਿਤ ਤੌਰ ‘ਤੇ ਬਰਫ਼ ਭੰਨਣ ਵਾਲੇ ਸੂਏ (ਆਈਸ ਪਿਕ) ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਇੱਕ ਪੁਲੀਸ ਮੁਲਾਜ਼ਮ ਨੇ ਜਵਾਬੀ ਕਾਰਵਾਈ ਵਿੱਚ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀਆਂ ਦੋਵੇਂ ਲੱਤਾਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਪੁਲੀਸ ਮੁਲਾਜ਼ਮ, ਜਿਸ ਦੀ ਪਛਾਣ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਦਕਿ ਕਥਿਤ ਮੁਲਜ਼ਮ ਸਤਨਾਮ ਸਿੰਘ, ਜੋ ਮਾਨਸਾ ਜ਼ਿਲ੍ਹੇ ਦੇ ਪਿੰਡ ਮੀਰਪੁਰ ਕਲਾਂ ਦਾ ਵਸਨੀਕ ਹੈ ਅਤੇ ਇਸ ਸਮੇਂ ਰਾਮਾਂ ਮੰਡੀ ਵਿਖੇ ਰਹਿ ਰਿਹਾ ਹੈ, ਨੂੰ ਬਠਿੰਡਾ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਦਰਜ ਐੱਫ ਆਈ ਆਰ ਅਨੁਸਾਰ, ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਰਾਤ ਕਰੀਬ 10 ਵਜੇ ਤਲਵੰਡੀ ਸਾਬੋ-ਰਾਮਾਂ ਮੰਡੀ ਰੋਡ ‘ਤੇ ਇੱਕ ਪੁਲ ਨੇੜੇ ਚੈਕਿੰਗ ਅਭਿਆਨ ਚਲਾ ਰਹੀ ਸੀ। ਟੀਮ ਨੇ ਇੱਕ ਐੱਸ ਯੂ ਵੀ ਵਿੱਚ ਸਵਾਰ ਪਿੰਡ ਲਹਿਰੀ ਦੇ ਦੋ ਵਿਅਕਤੀਆਂ ਹਰਦੀਪ ਸਿੰਘ ਅਤੇ ਰਵੀ ਸਿੰਘ ਕੋਲੋਂ 102 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਪੁਲੀਸ ਨੇ ਦੱਸਿਆ ਕਿ ਸਤਨਾਮ ਦੀਆਂ ਦੋਵੇਂ ਲੱਤਾਂ ‘ਤੇ ਗੋਲੀਆਂ ਲੱਗੀਆਂ ਅਤੇ ਉਹ ਜ਼ਮੀਨ ‘ਤੇ ਡਿੱਗ ਪਿਆ। ਤਲਵੰਡੀ ਸਾਬੋ ਪੁਲੀਸ ਨੇ ਸਤਨਾਮ ਸਿੰਘ ਵਿਰੁੱਧ ਬੀ ਐੱਨ ਐੱਸ (BNS) ਦੀ ਧਾਰਾ 109, 118(1), 132 ਅਤੇ 221 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਲਵੰਡੀ ਸਾਬੋ ਦੇ ਡੀ ਐੱਸ ਪੀ ਜਸਜੋਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
