ਚੰਡੀਗੜ੍ਹ- ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ‘ਏਅਰ ਕੈਨੇਡਾ’ ਦੀ ਫਲਾਈਟ ਦੌਰਾਨ ਆਪਣੇ ਨਾਲ ਹੋਏ ਬੁਰੇ ਵਤੀਰੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (‘X’) ’ਤੇ ਇੱਕ ਪੋਸਟ ਸਾਂਝੀ ਕਰਦਿਆਂ ਏਅਰਲਾਈਨ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਸੀਟ ਲਈ ਪੂਰੀ ਫ਼ੀਸ ਭਰੀ ਸੀ, ਪਰ ਜਹਾਜ਼ ’ਚ ਚੜ੍ਹਨ ’ਤੇ ਉਨ੍ਹਾਂ ਨੂੰ ਇਕੋਨੋਮੀ ਕਲਾਸ ’ਚ ਬਿਠਾ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਇਸ ਸਬੰਧੀ ਏਅਰਲਾਈਨ ਸਟਾਫ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ, ਸਗੋਂ ਅਮਲੇ ਵੱਲੋਂ ਰੁੱਖਾ ਰਵੱਈਆ ਅਪਣਾਉਂਦੇ ਹੋਏ ਕਿਹਾ ਗਿਆ ਕਿ ਹੁਣ ਕੁਝ ਨਹੀਂ ਹੋ ਸਕਦਾ।
ਵਿਰੋਧ ਕਰਨ ’ਤੇ ਜਹਾਜ਼ ਤੋਂ ਉਤਾਰਨ ਦੀ ਦਿੱਤੀ ਧਮਕੀ- ਗਿੱਪੀ ਗਰੇਵਾਲ ਨੇ ਆਪਣੀ ਆਪਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਹ ਏਅਰਲਾਈਨ ਤੋਂ ਕੋਈ ਵਾਧੂ ਸੁਵਿਧਾ ਨਹੀਂ ਮੰਗ ਰਹੇ ਸਨ, ਸਗੋਂ ਸਿਰਫ਼ ਆਪਣੀ ਬੁੱਕ ਕੀਤੀ ਬਿਜ਼ਨਸ ਕਲਾਸ ਸੀਟ ਅਤੇ ਵਜ੍ਹਾ ਪੁੱਛ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਮਦਦ ਕਰਨ ਦੀ ਬਜਾਏ ਸਟਾਫ਼ ਨੇ ਉਨ੍ਹਾਂ ਨੂੰ ਫਲਾਈਟ ਲੈਣ ਜਾਂ ਛੱਡਣ ਦੀ ਗੱਲ ਕਹੀ ਅਤੇ ਲਗਾਤਾਰ ਸਵਾਲ ਕਰਨ ’ਤੇ ਜਹਾਜ਼ ਤੋਂ ਹੇਠਾਂ ਉਤਾਰਨ ਤੱਕ ਦੀ ਧਮਕੀ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਅਮਲੇ ਵੱਲੋਂ ਇੱਕ ਮੁਆਫੀ ਤੱਕ ਨਹੀਂ ਮੰਗੀ ਗਈ, ਜੋ ਬਹੁਤ ਹੀ ਨਿਰਾਸ਼ਾਜਨਕ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਟੋਰਾਂਟੋ ਤੋਂ ਨਿਊਯਾਰਕ ਜਾਣ ਵਾਲੀ ਏਅਰ ਕੈਨੇਡਾ ਦੀ ਫਲਾਈਟ AC1504 ਦੌਰਾਨ ਵਾਪਰੀ।
ਸੋਸ਼ਲ ਮੀਡੀਆ ’ਤੇ ਮੁੱਦਾ ਗਰਮਾਉਣ ਤੋਂ ਬਾਅਦ ਏਅਰ ਕੈਨੇਡਾ ਨੇ ਮੰਗੀ ਮੁਆਫੀ- ਗਿੱਪੀ ਗਰੇਵਾਲ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਏਅਰ ਕੈਨੇਡਾ ਨੇ ‘ਐਕਸ’ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਘਟਨਾ ’ਤੇ ਅਫ਼ਸੋਸ ਪ੍ਰਗਟਾਇਆ ਹੈ। ਏਅਰਲਾਈਨ ਨੇ ਗਿੱਪੀ ਤੋਂ ਮੁਆਫੀ ਮੰਗਦਿਆਂ ਉਨ੍ਹਾਂ ਨੂੰ ਬੁਕਿੰਗ ਰੈਫ਼ਰੈਂਸ ਅਤੇ ਪੂਰੀ ਜਾਣਕਾਰੀ ਡਾਇਰੈਕਟ ਮੈਸੇਜ (DM) ਰਾਹੀਂ ਭੇਜਣ ਲਈ ਕਿਹਾ ਹੈ, ਤਾਂ ਜੋ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਹਾਲਾਂਕਿ, ਏਅਰਲਾਈਨ ਨੇ ਅਜੇ ਤੱਕ ਇਹ ਸਾਫ਼ ਨਹੀਂ ਕੀਤਾ ਹੈ ਕਿ ਬਿਜ਼ਨਸ ਕਲਾਸ ਦੀ ਟਿਕਟ ਹੋਣ ਦੇ ਬਾਵਜੂਦ ਗਾਇਕ ਨੂੰ ਇਕੋਨੋਮੀ ਕਲਾਸ ’ਚ ਕਿਉਂ ਬਿਠਾਇਆ ਗਿਆ ਸੀ।
