ਚੰਡੀਗੜ੍ਹ- ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਪੰਜਾਬ ਸਰਕਾਰ ਵੱਲੋਂ ਸਾਲ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ (DA) ਸਬੰਧੀ ਕੀਤੇ ਐਲਾਨ ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੇ ਐਲਾਨਾਂ ਰਾਹੀਂ ਸਰਕਾਰੀ ਮੁਲਾਜ਼ਮਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਖੜ ਨੇ ਸਰਕਾਰ ਦੇ ਐਲਾਨ ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਨਿਸ਼ਾਨਾ ਸੇਧਿਆ ਕਿ ਨਵੇਂ ਭਰਤੀ ਹੋਏ ਮੁਲਾਜ਼ਮ ਆਪਣੀ ਸੇਵਾ ਦੇ ਪਹਿਲੇ ਤਿੰਨ ਸਾਲਾਂ ਦੌਰਾਨ ਡੀਏ ਲੈਣ ਦੇ ਹੱਕਦਾਰ ਹੀ ਨਹੀਂ ਹੁੰਦੇ।
ਉਨ੍ਹਾਂ ਸਵਾਲ ਕੀਤਾ, “ਜੇਕਰ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਤਿੰਨ ਸਾਲ ਤੱਕ ਡੀਏ ਮਿਲਣਾ ਹੀ ਨਹੀਂ, ਤਾਂ ਇਸ ਐਲਾਨ ਨਾਲ ਆਖਰ ਕਿਸ ਨੂੰ ਫਾਇਦਾ ਹੋਣ ਜਾ ਰਿਹਾ ਹੈ? ਕੀ ਇਹ ਮਹਿਜ਼ ਇੱਕ ਫੋਕਾ ਪ੍ਰਚਾਰ ਹੈ?” ਗੌਰਤਲਬ ਹੈ ਕਿ ਸਰਕਾਰ ਦੇ ਇਸ ਕਦਮ ਨਾਲ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਲਗਭਗ 85,000 ਮੁਲਾਜ਼ਮਾਂ ਦਾ ਡੀਏ 42 ਫੀਸਦੀ ਤੋਂ ਵਧ ਕੇ 60 ਫੀਸਦੀ ਹੋ ਜਾਵੇਗਾ, ਜਦਕਿ ਇਸ ਤੋਂ ਪਹਿਲਾਂ ਭਰਤੀ ਹੋਏ ਲਗਭਗ 3.15 ਲੱਖ ਮੁਲਾਜ਼ਮ ਅਤੇ ਪੈਨਸ਼ਨਰ ਅਜੇ ਵੀ ਆਪਣੇ ਬਕਾਏ ਦੀ ਵਾਟ ਤੱਕ ਰਹੇ ਹਨ।
