July 29, 2026
ਖਾਸ ਖ਼ਬਰਪੰਜਾਬਰਾਸ਼ਟਰੀ

BJP ਦਫ਼ਤਰ ’ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ ਮੁਲਜ਼ਮ 24 ਘੰਟਿਆਂ ’ਚ ਕਾਬੂ

BJP ਦਫ਼ਤਰ ’ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ ਮੁਲਜ਼ਮ 24 ਘੰਟਿਆਂ ’ਚ ਕਾਬੂ

ਸੰਗਰੂਰ-  ਸੰਗਰੂਰ ਪੁਲੀਸ ਨੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਉੱਪਰ ਪੈਟਰੋਲ ਬੰਬ ਨਾਲ ਹੋਏ ਹਮਲੇ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮ ਵਿਦੇਸ਼ ਬੈਠੇ ਰਾਣਾ ਭਾਊ ਨਾਮੀ ਵਿਅਕਤੀ ਦੇ ਸੰਪਰਕ ਵਿੱਚ ਸਨ, ਜਿਸ ਨੇ ਵਾਰਦਾਤ ਦੀ ਵੀਡੀਓ ਬਣਾ ਕੇ ਭੇਜਣ ਬਦਲੇ ਭਾਰੀ ਰਕਮ ਦੇਣ ਦਾ ਵਾਅਦਾ ਕੀਤਾ ਸੀ।

ਹਮਲੇ ਦਾ ਤਰੀਕਾ ਅਤੇ ਮਕਸਦ- ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਜੁਲਾਈ ਦੀ ਰਾਤ ਨੂੰ ਕਰੀਬ 2 ਵੱਜ ਕੇ 35 ਮਿੰਟ ‘ਤੇ ਦੋ ਨੌਜਵਾਨ ਪੈਦਲ ਪਿੰਡ ਉਪਲੀ ਵਾਲੀ ਸਾਈਡ ਤੋਂ ਸੜਕ ਪਾਰ ਕਰਕੇ ਆਏ, ਜਿਨ੍ਹਾਂ ਨੇ ਬੋਤਲ ‘ਤੇ ਲੱਗੀ ਸੂਤਲੀ ਨੂੰ ਅੱਗ ਲਗਾ ਕੇ ਬੀਜੇਪੀ ਦਫ਼ਤਰ ਦੀ ਚਾਰ-ਦੀਵਾਰੀ ਦੀ ਕੰਧ ਉੱਪਰੋਂ ਬਿਲਡਿੰਗ ਉੱਪਰ ਸੁੱਟ ਦਿੱਤਾ ਅਤੇ ਵਾਪਸ ਚਲੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਮਕਸਦ ਭਾਜਪਾ ਦਫ਼ਤਰ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣਾ ਅਤੇ ਮਾਹੌਲ ਖਰਾਬ ਕਰਨਾ ਸੀ।

ਪੁਲੀਸ ਟੀਮਾਂ ਦੀ ਕਾਰਵਾਈ ਅਤੇ ਜਾਂਚ- ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਨੂੰ ਟਰੇਸ ਕਰਨ ਲਈ ਵੱਡੇ ਪੱਧਰ ‘ਤੇ ਜਾਂਚ ਸ਼ੁਰੂ ਕੀਤੀ ਗਈ। ਐੱਸ.ਪੀ. ਇਨਵੈਸਟੀਗੇਸ਼ਨ ਦਵਿੰਦਰ ਅਤਰੀ ਦੀ ਅਗਵਾਈ ਹੇਠ ਡੀ.ਐੱਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ, ਡੀ.ਐੱਸ.ਪੀ. ਭਵਾਨੀਗੜ੍ਹ ਸਤਨਾਮ ਸਿੰਘ, ਡੀ.ਐੱਸ.ਪੀ. ਡੀ. ਸੰਗਰੂਰ ਸੁਖਦੇਵ ਸਿੰਘ, ਇੰਸਪੈਕਟਰ ਸੁਖਦੀਪ ਸਿੰਘ ਅਤੇ ਇੰਸਪੈਕਟਰ ਸੰਦੀਪ ਸਿੰਘ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਇਸ ਤੋਂ ਇਲਾਵਾ ਡਾ. ਸਿਮਰਤ ਕੌਰ ਆਈ.ਪੀ.ਐੱਸ. ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਗਿਆ।

ਦੋਸ਼ੀਆਂ ਦੀ ਪਛਾਣ ਅਤੇ ਵਿਦੇਸ਼ੀ ਲਿੰਕ- ਤਫ਼ਤੀਸ਼ ਦੌਰਾਨ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ 24 ਘੰਟਿਆਂ ਦੇ ਅੰਦਰ-ਅੰਦਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਹੈਪੀ ਸਿੰਘ ਉਰਫ਼ ਹੈਪੀ ਬਾਸੀ ਪਿੰਡ ਭੰਮਾਬਦੀ ਥਾਣਾ ਲੌਂਗੋਵਾਲ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਵਾਰਡ ਨੰਬਰ 12 ਸ਼ਹੀਦ ਊਧਮ ਸਿੰਘ ਬਸਤੀ ਲਹਿਰਾ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।

ਸਿਰਫ਼ 2200 ਰੁਪਏ ਮਿਲੇ ਅਤੇ ਯੂ.ਏ.ਪੀ.ਏ. (UAPA) ਤਹਿਤ ਮਾਮਲਾ ਦਰਜ- ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਰਾਣਾ ਭਾਊ ਨਾਮੀ ਵਿਅਕਤੀ ਦੇ ਸੰਪਰਕ ਵਿੱਚ ਸਨ, ਜਿਸ ਨੇ ਦੋਸ਼ੀਆਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਅਤੇ ਮੌਕੇ ਦੀ ਵੀਡੀਓ ਬਣਾ ਕੇ ਭੇਜਣ ਬਦਲੇ ਭਾਰੀ ਰਕਮ ਦੇਣ ਦਾ ਵਾਅਦਾ ਕੀਤਾ ਸੀ। ਇਸ ਵਿੱਚੋਂ ਰਾਣਾ ਭਾਊ ਨੇ ਦੋ ਟਰਾਂਜੈਕਸ਼ਨਾਂ (1200 ਰੁਪਏ ਅਤੇ 1000 ਰੁਪਏ) ਰਾਹੀਂ ਕੁੱਲ 2200 ਰੁਪਏ ਦੋਸ਼ੀਆਂ ਨੂੰ ਭੇਜ ਦਿੱਤੇ ਸਨ। ਰਾਣਾ ਭਾਊ ਦੇ ਕਹਿਣ ‘ਤੇ ਦੋਸ਼ੀਆਂ ਵੱਲੋਂ ਮੌਕੇ ਦੀ ਵੀਡੀਓ ਵੀ ਬਣਾਈ ਗਈ ਸੀ, ਤਾਂ ਜੋ ਉਹ ਵੀਡੀਓ ਰਾਣਾ ਭਾਊ ਤੱਕ ਭੇਜ ਕੇ ਉਸ ਪਾਸੋਂ ਬਕਾਇਆ ਰਕਮ ਹਾਸਲ ਕਰ ਸਕਣ। ਦੋਸ਼ੀਆਂ ਪਾਸੋਂ ਮੋਬਾਈਲ ਫੋਨ ਵੀ ਬਰਾਮਦ ਕੀਤੇ ਜਾ ਚੁੱਕੇ ਹਨ। ਰਾਣਾ ਭਾਊ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਦੋਸ਼ੀਆਂ ਨੂੰ ਕੀਤੀ ਟਰਾਂਜੈਕਸ਼ਨ ਦੀਆਂ ਯੂ.ਪੀ.ਆਈ. ਆਈ.ਡੀਜ਼ ਬਾਰੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਵਿਦੇਸ਼ੀ ਸੰਪਰਕ ਹੋਣ ਕਾਰਨ ਇਨ੍ਹਾਂ ਖ਼ਿਲਾਫ਼ ‘ਯੂ.ਏ.ਪੀ.ਏ.’ (UAPA) ਵੀ ਲਗਾਇਆ ਗਿਆ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਮੁਲਜ਼ਮਾਂ ਦੀ ਉਮਰ ਅਤੇ ਪਿਛਲਾ ਰਿਕਾਰਡ- ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮਾਂ ਵਿੱਚੋਂ ਇੱਕ ਦੀ ਉਮਰ 22 ਸਾਲ ਅਤੇ ਦੂਜੇ ਦੀ ਉਮਰ 25 ਸਾਲ ਹੈ। ਇਨ੍ਹਾਂ ਦੋਵਾਂ ਦਾ ਪਿਛਲਾ ਕੋਈ ਅਪਰਾਧਿਕ (ਕ੍ਰਿਮੀਨਲ) ਰਿਕਾਰਡ ਫ਼ਿਲਹਾਲ ਸਾਹਮਣੇ ਨਹੀਂ ਆਇਆ।

Related posts

ਵਾਇਰਲ ਵੀਡੀਓ ਵਿਚ ‘ਸ਼ਹਾਦਤ ਦੀ ਕਾਰਵਾਈ’ ਨੂੰ ਜਾਇਜ਼ ਠਹਿਰਾ ਰਿਹਾ ਡਾ. ਉਮਰ

Current Updates

ਐਨ.ਸੀ.ਈ.ਆਰ.ਟੀ. ਵੱਲੋਂ ਪਾਠ ਪੁਸਤਕਾਂ ਬਾਰੇ ਫੀਡਬੈਕ ਦੀ ਜਾਂਚ ਲਈ ਪੈਨਲ ਸਥਾਪਤ

Current Updates

High Court ਨੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਪਟੀਸ਼ਨ ਲਈ ਪ੍ਰਕਿਰਿਆ ਕੀਤੀ ਤੈਅ

Current Updates

Leave a Comment