ਚੰਡੀਗੜ੍ਹ- ਵਧੀਕ ਸੈਸ਼ਨ ਜੱਜ (ਡਿਊਟੀ) ਚੰਡੀਗੜ੍ਹ ਦੀ ਅਦਾਲਤ ਨੇ ਅੱਜ ਵਿਜੀਲੈਂਸ ਮੁਖੀ ਦੇ ਰੀਡਰ ਓ ਪੀ ਰਾਣਾ ਦਾ ਹੋਰ ਪੰਜ ਦਿਨਾਂ ਲਈ ਸੀ ਬੀ ਆਈ ਨੂੰ ਰਿਮਾਂਡ ਦੇ ਦਿੱਤਾ ਹੈ। ਇਸੇ ਤਰ੍ਹਾਂ ਸੀ ਬੀ ਆਈ ਨੂੰ ਬੁੜੈਲ ਜੇਲ੍ਹ ’ਚ ਬੰਦ ਮੁਲਜ਼ਮ ਰਾਘਵ ਗੋਇਲ ਅਤੇ ਅੰਕਿਤ ਵਧਵਾ ਦਾ ਵੀ ਪੰਜ ਦਿਨਾਂ ਦਾ ਰਿਮਾਂਡ ਮਿਲ ਗਿਆ ਹੈ। ਸੀ ਬੀ ਆਈ ਨੇ ਜੇਲ੍ਹ ‘ਚੋਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਹੈ। ਸੀ ਬੀ ਆਈ ਵੱਲੋਂ ਪਹਿਲੀ ਵਾਰ ਰੀਡਰ ਰਾਣਾ ਅਤੇ ਬਾਕੀ ਦੋਵੇਂ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ। ਇਹ ਤਿੱਕੜੀ ਵਿਜੀਲੈਂਸ ਦੇ ਰਾਜ਼ ਖੋਲ੍ਹ ਸਕਦੀ ਹੈ।
ਰੀਡਰ ਰਾਣਾ ਦੇ ਆਤਮ-ਸਮਰਪਣ ਕਰਨ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਕਿ ਜਦੋਂ ਸੀ ਬੀ ਆਈ ਟੀਮ ਆਹਮੋ-ਸਾਹਮਣੇ ਬਿਠਾ ਕੇ ਮੁਲਜ਼ਮਾਂ ਨੂੰ ਸਵਾਲ-ਜਵਾਬ ਕਰੇਗੀ। ਸੀ ਬੀ ਆਈ ਨੂੰ ਰੀਡਰ ਰਾਣਾ ਤੋਂ ਕੀਤੀ ਪੁੱਛਗਿੱਛ ਦੌਰਾਨ ਇੱਕ ਅਹਿਮ ਡਿਵਾਈਸ ਹੱਥ ਲੱਗੀ ਸੀ, ਜਿਸ ਤੋਂ ਕਈ ਨਵੇਂ ਭੇਤ ਖੁੱਲ੍ਹੇ ਹਨ। ਇਸ ਡਿਵਾਈਸ ਤੋਂ ਮਿਲੇ ਸੁਰਾਗਾਂ ਦੇ ਆਧਾਰ ’ਤੇ ਪੁੱਛਗਿੱਛ ਅਗਲੇ ਪੜਾਅ ਵਿੱਚ ਦਾਖਲ ਹੋਵੇਗੀ। ਇਸ ਪੰਜ ਦਿਨਾਂ ਰਿਮਾਂਡ ਦੌਰਾਨ ਸੀ ਬੀ ਆਈ ਵਿਜੀਲੈਂਸ ਬਿਊਰੋ ਦੇ ਉੱਚ ਅਫ਼ਸਰਾਂ ਵੱਲ ਰਾਹ ਬਣਾ ਸਕਦੀ ਹੈ। ਮੁਲਜ਼ਮ ਰਾਘਵ ਗੋਇਲ ਦੇ ਮੋਬਾਈਲ ਫ਼ੋਨ ਤੋਂ ਕੁਝ ਅਜਿਹੀ ਚੈਟ ਦਾ ਵੀ ਪਤਾ ਲੱਗਿਆ ਹੈ, ਜੋ ਸਿੱਧੀ ਉੱਚ ਅਫ਼ਸਰਾਂ ਨਾਲ ਤਾਰ ਜੋੜਦੀ ਹੈ।
ਵਿਜੀਲੈਂਸ ਅਫ਼ਸਰਾਂ ਲਈ ਆਉਂਦੇ ਦਿਨ ਮੁਸ਼ਕਲਾਂ ਭਰੇ ਹੋ ਸਕਦੇ ਹਨ। ਸੀ ਬੀ ਆਈ ਦੀ ਪੁੱਛਗਿੱਛ ’ਚ ਨਵੇਂ ਰਾਜ਼ ਖੁੱਲ੍ਹਣ ਦੀ ਸੰਭਾਵਨਾ ਹੈ। ਚੇਤੇ ਰਹੇ ਕਿ ਸੀ ਬੀ ਆਈ ਨੇ ਟੈਕਸ ਅਧਿਕਾਰੀ ਦੀ ਸ਼ਿਕਾਇਤ ’ਤੇ 11 ਮਈ ਨੂੰ ਟਰੈਪ ਅਪਰੇਸ਼ਨ ਕੀਤਾ ਸੀ ਜਿਸ ’ਚ ਅੰਕਿਤ ਵਧਵਾ ਨੂੰ ਟੈਕਸ ਅਧਿਕਾਰੀ ਤੋਂ 13 ਲੱਖ ਰੁਪਏ ਦੀ ਨਗਦੀ ਅਤੇ ਇੱਕ ਮੋਬਾਈਲ ਫ਼ੋਨ ਲੈਂਦੇ ਫੜਿਆ ਸੀ। ਉਸ ਮੌਕੇ ’ਤੇ ਮਲੋਟ ਦੇ ਵਿਕਾਸ ਗੋਇਲ ਅਤੇ ਰਾਘਵ ਗੋਇਲ ਫ਼ਰਾਰ ਹੋ ਗਏ ਸਨ ਪਰੰਤੂ ਉਨ੍ਹਾਂ ਨੂੰ ਸੀ ਬੀ ਆਈ ਨੇ ਅੰਬਾਲਾ ਲਾਗਿਓਂ ਦਬੋਚ ਲਿਆ ਸੀ। ਮੌਕੇ ’ਤੇ ਫ਼ਰਾਰ ਹੋਏ ਰੀਡਰ ਰਾਣਾ ਨੇ ਬਾਅਦ ’ਚ ਸੀ ਬੀ ਆਈ ਅਦਾਲਤ ’ਚ ਆਤਮ-ਸਮਰਪਣ ਕਰ ਦਿੱਤਾ ਸੀ।
