ਚੰਡੀਗੜ੍ਹ- ਪੰਜਾਬ ਦੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੰਡਿਆਲੀ ਤਾਰ ਤੋਂ ਪਾਰ (ਜ਼ੀਰੋ ਲਾਈਨ) ਖੇਤੀ ਕਰਨ ਵਾਲੇ ਹਜ਼ਾਰਾਂ ਸਰਹੱਦੀ ਕਿਸਾਨਾਂ ਲਈ ਮਾਲਕੀ ਹੱਕਾਂ ਦੀ ਮੰਗ ਸਮੇਤ ਇਲਾਕੇ ਦੇ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਵਿਕਾਸ ਲਈ ਇੱਕ ਵਿਆਪਕ ਮੰਗ ਪੱਤਰ ਸੌਂਪਿਆ। ਮੁਲਾਕਾਤ ਦੌਰਾਨ ਭਾਜਪਾ ਦੇ ਕੌਮੀਂ ਪ੍ਰਧਾਨ ਨਿਤਿਨ ਨਬੀਨ ਵੀ ਮੌਜੂਦ ਸਨ। ਦੋਵਾਂ ਆਗੂਆਂ ਨੇ ਵਫ਼ਦ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਸਰਹੱਦੀ ਜ਼ਿਲ੍ਹਿਆਂ ਦੀ ਰਣਨੀਤਕ ਅਹਿਮੀਅਤ ਨੂੰ ਮੁੱਖ ਰੱਖਦਿਆਂ ਇਨ੍ਹਾਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
ਰਾਣਾ ਸੋਢੀ ਨੇ ਸਰਹੱਦੀ ਖੇਤਰ ਦੇ ਕਿਸਾਨਾਂ ਦੀ ਚਿਰੋਕਣੀ ਮੰਗ ਨੂੰ ਚੁੱਕਦਿਆਂ ਕਿਹਾ ਕਿ ਹਜ਼ਾਰਾਂ ਕਿਸਾਨ ਦਹਾਕਿਆਂ ਤੋਂ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਵਾਹ ਰਹੇ ਹਨ, ਪਰ ਉਨ੍ਹਾਂ ਕੋਲ ਮਾਲਕੀ ਹੱਕ ਨਹੀਂ ਹਨ। ਉਨ੍ਹਾਂ ਕਿਹਾ, “ਇਹ ਸਿਰਫ਼ ਨੀਤੀਗਤ ਫ਼ੈਸਲਾ ਨਹੀਂ, ਸਗੋਂ ਇਨ੍ਹਾਂ ਕਿਸਾਨਾਂ ਦੇ ਸਵੈ-ਮਾਣ ਅਤੇ ਨਿਆਂ ਦਾ ਮਾਮਲਾ ਹੈ।”ਸਰਹੱਦੀ ਜ਼ਿਲ੍ਹਿਆਂ ਵਿੱਚ ਨਸ਼ਿਆਂ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਸੋਢੀ ਨੇ ਮੰਗ ਕੀਤੀ ਕਿ ਇੱਥੇ ਕੇਂਦਰੀ ਜਨਤਕ ਖੇਤਰ ਦੇ ਅਦਾਰੇ (PSUs) ਸਥਾਪਤ ਕੀਤੇ ਜਾਣ ਅਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਰਥਿਕ ਮੌਕੇ ਹੀ ਸੰਵੇਦਨਸ਼ੀਲ ਖੇਤਰਾਂ ਵਿੱਚ ਸਥਿਰਤਾ ਲਿਆ ਸਕਦੇ ਹਨ।
ਹੁਸੈਨੀਵਾਲਾ ਬਾਰਡਰ: ਕੌਮੀਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੁਸੈਨੀਵਾਲਾ ਚੈੱਕ ਪੋਸਟ ਨੂੰ ਵਪਾਰ ਅਤੇ ਆਵਾਜਾਈ ਲਈ ਮੁੜ ਖੋਲ੍ਹਣ ਦੀ ਵਕਾਲਤ। ਹੜ੍ਹ ਸੁਰੱਖਿਆ: ਸਰਹੱਦੀ ਇਲਾਕਿਆਂ ਵਿੱਚ ਹੜ੍ਹਾਂ ਤੋਂ ਬਚਾਅ ਲਈ ਮਜ਼ਬੂਤ ਬੰਨ੍ਹ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ। ਸੰਪਰਕ ਪੁਲ: ਖੁੰਦਰ ਗੱਟੀ ਨੂੰ ਫ਼ਿਰੋਜ਼ਪੁਰ ਸ਼ਹਿਰ ਨਾਲ ਜੋੜਨ ਲਈ ਪੁਲ ਦੀ ਉਸਾਰੀ ਤਾਂ ਜੋ ਸਥਾਨਕ ਲੋਕਾਂ ਨੂੰ ਲੰਬੇ ਗੇੜੇ ਤੋਂ ਨਿਜਾਤ ਮਿਲ ਸਕੇ। ਰਾਣਾ ਸੋਢੀ ਨੇ ਦੁਹਰਾਇਆ ਕਿ ਪੰਜਾਬ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ ਅਤੇ ਦੇਸ਼ ਦੀ ਸੁਰੱਖਿਆ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਹੈ, ਇਸ ਲਈ ਸਰਹੱਦੀ ਜ਼ਿਲ੍ਹਿਆਂ ਦਾ ਵਿਕਾਸ ਕੌਮੀਂ ਲੋੜ ਹੈ। ਵਫ਼ਦ ਵਿੱਚ ਰਾਏ ਸਿੱਖ ਭਾਈਚਾਰੇ ਵੱਲੋਂ ਹੰਸਾ ਸਿੰਘ ਕਾਮਰੇਡ, ਅਰੋੜਾ ਖੱਤਰੀ ਭਾਈਚਾਰੇ ਵੱਲੋਂ ਅਨੀਸ਼ ਸਿਦਾਨਾ ਅਤੇ ਹੋਰ ਸਥਾਨਕ ਆਗੂ ਸ਼ਾਮਲ ਸਨ। ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਜਲਦੀ ਹੀ ਪੰਜਾਬ ਦਾ ਦੌਰਾ ਕਰਨ ਦਾ ਵਾਅਦਾ ਵੀ ਕੀਤਾ।
