ਅੰਮ੍ਰਿਤਸਰ- ਸਿਹਤ ਵਿਭਾਗ ਦੀ ਟੀਮ ਵੱਲੋਂ ਟਾਂਗਰਾ ਅੱਡਾ ਨੇੜੇ ਜੀਟੀ ਰੋਡ ਸਥਿਤ ਇੱਕ ਗੁਰਮਤਿ ਵਿਦਿਆਲਾ ਵਿਖੇ ਚੱਲ ਰਹੇ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰ ਦੀ ਅਚਨਚੇਤ ਜਾਂਚ ਕੀਤੀ ਗਈ। ਸਿਵਲ ਸਰਜਨ ਡਾ. ਭਾਰਤੀ ਧਵਨ ਦੇ ਨਿਰਦੇਸ਼ਾਂ ਤਹਿਤ ਇਸ ਜਾਂਚ ਟੀਮ ਵਿੱਚ ਡਾ. ਸਰਬਜੀਤ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਅੰਮ੍ਰਿਤਸਰ, ਡਾ. ਪਰਮਪ੍ਰੀਤ ਕੌਰ ਐੱਮਓ (ਸਾਈਕੈਟਰੀ), ਸੁਖਦੀਪ ਸਿੰਘ ਡਰੱਗ ਇੰਸਪੈਕਟਰ, ਬਬਲੀਨ ਕੌਰ ਡਰੱਗ ਇੰਸਪੈਕਟਰ ਅਤੇ ਦੀਪਕ ਰਾਏ ਸ਼ਾਮਲ ਸਨ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਉਕਤ ਕੇਂਦਰ ਵਿੱਚ ਲਗਪਗ 70 ਤੋਂ 75 ਮਰੀਜ਼ ਮਿਲੇ, ਜਿਨ੍ਹਾਂ ਵਿੱਚ 18 ਸਾਲ ਤੋਂ ਘੱਟ ਅਤੇ ਵੱਧ ਉਮਰ ਦੇ ਨੌਜਵਾਨ ਸ਼ਾਮਲ ਸਨ। ਜਾਂਚ ਦੌਰਾਨ ਕੇਂਦਰ ਕੋਲ ਕੋਈ ਵੀ ਲੋੜੀਂਦਾ ਦਸਤਾਵੇਜ਼ ਜਾਂ ਰਜਿਸਟਰੇਸ਼ਨ ਸਰਟੀਫਿਕੇਟ ਮੌਕੇ ’ਤੇ ਮੌਜੂਦ ਨਹੀਂ ਪਾਇਆ ਗਿਆ। ਸਿਹਤ ਵਿਭਾਗ ਵੱਲੋਂ ਉਕਤ ਕੇਂਦਰ ਵਿੱਚ ਦਾਖ਼ਲ ਮਰੀਜ਼ਾਂ ਨੂੰ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਅੰਮ੍ਰਿਤਸਰ ਵਿਖੇ ਤਬਦੀਲ ਕੀਤਾ ਗਿਆ। ਇਸ ਤੋਂ ਇਲਾਵਾ ਮਾਮਲੇ ਸਬੰਧੀ ਅਗਲੀ ਲੋੜੀਂਦੀ ਕਾਰਵਾਈ ਲਈ ਸਬੰਧਤ ਥਾਣਾ ਮੁਖੀ, ਤਰਸਿੱਕਾ ਨੂੰ ਵੀ ਸੂਚਿਤ ਕਰਕੇ ਬੁਲਾਇਆ ਗਿਆ। ਸਿਹਤ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਨਸ਼ਾ ਛੁਡਾਊ ਕੇਂਦਰਾਂ ਦਾ ਸਰਕਾਰੀ ਨਿਯਮਾਂ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਚੱਲਣਾ ਲਾਜ਼ਮੀ ਹੈ, ਤਾਂ ਜੋ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਮਰੀਜ਼ਾਂ ਨੂੰ ਸੁਰੱਖਿਅਤ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
